ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਦੋਵੇਂ ਮਿ੍ਤਕ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹੈ। ਜ਼ਿਲ੍ਹੇ 'ਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 29 ਹੋ ਗਈ ਹੈ। ਜਿਲ੍ਹੇ ਅੰਦਰ 47 ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 51 ਹੋਰ ਮਰੀਜ ਠੀਕ ਹੋ ਕੇ ਘਰ ਪਰਤ ਗਏ ਹਨ। ਮਿਸ਼ਨ ਫਤਿਹ ਤਹਿਤ ਕੋਵਿਡ-19 ਸਬੰਧੀ ਲੋਕਾਂ ਦੇ ਬਚਾਅ ਲਈ ਸਿਹਤ ਵਿਭਾਗ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਸ਼ੁੱਕਰਵਾਰ ਨੂੰ 47 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ 'ਚੋਂ 25 ਸ੍ਰੀ ਮੁਕਤਸਰ ਸਾਹਿਬ, 2 ਜ਼ਿਲ੍ਹਾ ਜੇਲ੍ਹ, 9 ਮਲੋਟ, 4 ਗਿੱਦੜਬਾਹਾ, 2 ਤਰਖਾਣ ਵਾਲਾ, 3 ਮੰਡੀ ਕਿਲਿਆਂਵਾਲੀ, 1 ਲੁਹਾਰਾ ਅਤੇ 1 ਲੰਡੇ ਰੋਡੇ ਪਿੰਡ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ 51 ਹੋਰ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ ਅਤੇ ਠੀਕ ਹੋ ਕੇ ਘਰ ਵਾਪਸ ਪਰਤ ਗਏ ਹਨ। ਜ਼ਿਲ੍ਹੇ 'ਚ ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 667 ਹੋ ਗਈ ਹੈ। ਜ਼ਿਲ੍ਹੇ ਭਰ 'ਚੋਂ ਹੁਣ ਤੱਕ ਕੁੱਲ 33610 ਸੈਂਪਲ ਲਏ ਗਏ ਹਨ ਜਿਨ੍ਹਾਂ 'ਚੋਂ 29575 ਲੋਕਾਂ ਦੇ ਸੈਂਪਲ ਨੈਗਟਿਵ ਪਾਏ ਗਏ ਹਨ। ਜ਼ਿਲ੍ਹੇ 'ਚ ਅੱਜ ਤੱਕ ਕੁੱਲ 1272 ਮਰੀਜ ਠੀਕ ਹੋ ਕੇ ਘਰ ਪਰਤੇ ਹਨ। ਜ਼ਿਲ੍ਹੇ 'ਚ 1584 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਮਾਸਕ ਪਾ ਕੇ ਰੱਖਣ, ਭੀੜ ਵਾਲੀਆਂ ਜਗ੍ਹਾ ਤੇ ਘੱਟ ਜਾਣ ਅਤੇ ਸਰਕਾਰੀ ਨਿਯਮਾਂ ਦੀ ਪਾਲਣ ਕਰਨ ਦੀ ਅਪੀਲ ਕੀਤੀ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ।