ਜਗਸੀਰ ਛੱਤਿਆਣਾ, ਗਿੱਦੜਬਾਹਾ : ਪੰਜਾਬ ਸਟੇਟ ਸਰਵਿਸਜ਼ ਯੂਨੀਅਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਗਿੱਦੜਬਾਹਾ ਦੇ ਮਨਿਸਟਰੀਅਲ ਕਾਮਿਆਂ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਕੀਤੀ ਹੜਤਾਲ ਅੱਜ ਨੌਵੇਂ ਦਿਨ ਵੀ ਜਾਰੀ ਰਹੀ ਅਤੇ ਇਸ ਦੌਰਾਨ ਨਹਿਰੀ ਕਲੋਨੀ ਗਿੱਦੜਬਾਹਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੰਮਕਾਰ ਪੂਰੀ ਤਰਾਂ ਬੰਦ ਰੱਖਿਆ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਜੋ ਮੁਲਾਜ਼ਮ ਮਾਰੂ ਨੀਤੀਆਂ ਹਨ ਜਿਨ੍ਹਾਂ ਦਾ ਉਹ ਪੁਰਜੋਰ ਵਿਰੋਧ ਕਰਨਗੇ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਮਨਿਸਟਰੀਅਲ ਸਟਾਫ਼ ਦੀਆਂ ਮੰਗਾਂ ਦਾ ਜਲਦ ਹੱਲ ਕਰੇ। ਇਸ ਮੌਕੇ ਤਹਿਸੀਲ ਪ੍ਰਧਾਨ ਤਰਸੇਮ ਸ਼ਰਮਾ ਨੇ ਦੱਸਿਆ ਕਿ ਮੰਗਾਂ ਸਬੰਧੀ ਇਕ ਮੰਗ ਪੱਤਰ ਵਿਧਾਇਕਾਂ ਨੂੰ ਦੇਣ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਕਲਮਛੋੜ ਹੜਤਾਲ 17 ਅਗਸਤ ਤੱਕ ਜਾਰੀ ਰਹੇਗੀ।