ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਜ਼ਿਲ੍ਹੇ'ਚ ਸ਼ੁੱਕਰਵਾਰ ਨੂੰ 10 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ। ਇਨ੍ਹਾਂ ਮਰੀਜ਼ਾਂ ਦੇ ਪਿਛਲੇ ਦਿਨੀਂ ਸੈਂਪਲ ਲੈ ਕੇ ਭੇਜੇ ਗਏ ਸੀ ਜਿਨ੍ਹਾਂ ਦੀ ਰਿਪੋਰਟ ਅੱਜ ਕੋਰੋਨਾ ਪਾਜੇਟਿਵ ਪਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚ 4 ਸ੍ਰੀ ਮੁਕਤਸਰ ਸਾਹਿਬ, 1 ਗਿਲਜੇਵਾਲਾ, 1 ਸਮਾਘ, 1 ਮੱਲਣ, 1 ਆਸਾ ਬੁੱਟਰ, 1 ਦੋਦਾ, ਅਤੇ 1 ਕੋਟਲੀ ਅਬਲੂ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ 'ਚੋਂ 05 ਮਰੀਜ਼ ਠੀਕ ਹੋ ਕੇ ਘਰ ਵਾਪਸ ਪਰਤੇ ਹਨ। ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 107 ਹੈ ਜਿਨ੍ਹਾਂ 'ਚੋਂ ਕੋਵਿਡ ਹਸਪਤਾਲ ਥਹੇੜੀ ਵਿਖੇ15, ਸ੍ਰੀ ਮੁਕਤਸਰ ਸਾਹਿਬ 10, ਹੋਮ ਆਇਸੋਲੇਟ 54 ਅਤੇ ਹੋਰ ਜ਼ਿਲੇ ਵਿੱਚ 9 ਦਾਖਲ ਹਨ। ਜਦਕਿ 19 ਮਰੀਜ਼ ਸਿਫਟ ਕੀਤੇ ਜਾ ਰਹੇ ਹਨ। ਅੱਜ ਤੱਕ ਜ਼ਿਲ੍ਹੇ 'ਚ ਕੁਲ 17185 ਸੈਂਪਲ ਲਏ ਗਏ ਹਨ ਜਿਨ੍ਹਾਂ 'ਚੋਂ 15940 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ। ਜ਼ਿਲ੍ਹੇ 'ਚ 908 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਡਾ. ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੋਵਿਡ 19 ਸਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਕੋਰੋਨਾ ਪੀੜ੍ਹਤ ਛੁਪਿਆ ਨਾ ਰਹਿ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਾ ਕੇ ਰੱਖੋ ਤੇ ਆਪਸੀ ਦੂਰੀ ਬਣਾ ਕੇ ਰੱਖੀ ਜਾਵੇ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ ਤੇ ਗੁਰਤੇਜ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਬਾਹਰਲੇ ਸੂਬੇ ਜਾਂ ਦੇਸ਼ 'ਚ ਆਉਂਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭੀੜ ਵਾਲੀਆਂ ਜਗ੍ਹਾ 'ਤੇ ਨਾ ਜਾਓ ਅਤੇ ਮਾਸਕ ਦੀ ਵਰਤੋਂ ਕਰੋ, ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ ਤਾਂ ਜੋ ਕੋਰੋਨਾ ਨਾਲ ਨਜਿੱਠਿਆ ਜਾ ਸਕੇ।