ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : 15 ਅਗਸਤ ਨੂੰ ਸਾਰੇ ਦੇਸ਼ 'ਚ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ, ਜ਼ਿਲ੍ਹਾ ਅਤੇ ਸਬ ਡਵੀਜਨ ਹੈੱਡ ਕੁਆਰਟਰਾਂ ਸਮੇਤ ਅਨੇਕਾਂ ਥਾਵਾਂ 'ਤੇ ਆਜ਼ਾਦੀ ਦਿਵਸ ਸਮਾਗਮ ਕੀਤਾ ਜਾ ਰਹੇ ਹਨ ਸਰਕਾਰਾਂ, ਸ਼ਾਸਨ ਤੇ ਪ੍ਰਸ਼ਾਸਨ ਆਪਣੀ ਸਫਲਤਾ ਤੇ ਪ੍ਰਰਾਪਤੀਆਂ ਦਾ ਗੁਣ ਗਾਣ ਕਰ ਰਹੇ ਹਨ। ਆਮ ਲੋਕਾਂ ਦੀ ਦੁਰਦਸ਼ਾ ਅਤੇ ਖਸਤਾ ਹਾਲਤ ਨੂੰ ਅੱਖੋਂ ਪਰੋਖੇ ਕਰ ਕੇ ਝੂਠੇ ਦਮਗੱਜੇ ਮਾਰੇ ਜਾ ਰਹੇ ਹਨ। ਸ਼ਹਿਰ ਤੇ ਆਮ ਲੋਕਾਂ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਚੇਅਰਮਨ ਹਨੀ ਫੱਤਣਵਾਲਾ, ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ, ਨਿਰੰਜਣ ਸਿੰਘ ਰੱਖਰਾ, ਕਵਿਤਾ ਕਮਰਾ, ਪੂਨਮ ਨਾਗਪਾਲ, ਅਨਿਲ ਅਨੇਜਾ, ਰਵਿੰਦਰ ਕਟਾਰੀਆ ਐਮਸੀ, ਬਿੰਦਰ ਗੋਨਿਆਣਾ, ਡਾ. ਸੁਰਿੰਦਰ ਗਿਰਧਰ, ਰਾਜੀਵ ਕਟਾਰੀਆ, ਬੱਬੂ ਚਾਹਲ, ਸਾਹਿਲ ਕੁਮਾਰ ਹੈਪੀ, ਬਲਦੇਵ ਸਿੰਘ ਬੇਦੀ, ਇੰਜ ਅਸ਼ੋਕ ਕੁਮਾਰ ਭਾਰਤੀ, ਵਿਜੇ ਸਿਡਾਨਾ, ਸੁਰਿੰਦਰ ਛਾਬੜਾ, ਪਰਮਜੀਤ ਧਵਨ, ਸੋਮ ਨਾਥ, ਰਜਿੰਦਰ ਖੁਰਾਣਾ ਅਤੇ ਮਨੋਹਰ ਲਾਲ ਆਦਿ ਸਮੇਤ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਨੇ ਪਵਿੱਤਰ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੀ ਦੁਰਦਸ਼ਾ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਕਤ ਆਗੂਆਂ ਨੇ ਇਕ ਸਾਂਝੇ ਪ੍ਰਰੈਸ ਬਿਆਨ 'ਚ ਕਿਹਾ ਹੈ ਕਿ ਸ਼ਹਿਰ ਨਿਵਾਸੀ ਲੰਮੇ ਸਮੇਂ ਤੋਂ ਸੀਵਰੇਜ ਦੇ ਨਾਕਸ ਪ੍ਰਬੰਧ, ਸ਼ੁੱਧ ਜਲ ਜਪਲਾਈ, ਬਾਜ਼ਾਰਾਂ ਵਿੱਚ ਨਜਾਇਜ਼ ਕਬਜਿਆਂ ਦੀ ਭਰਮਾਰ, ਬਾਜ਼ਾਰਾਂ ਤੇ ਘਰਾਂ ਵਿਚ ਫਿਰਦਾ ਸੀਵਰੇਜ ਦਾ ਗੰਦਾ ਪਾਣੀ, ਥਾਂ-ਥਾਂ ਗੰਦਗੀ ਤੇ ਕੂੜੇ ਦੇ ਢੇਰ, ਲਾਵਾਰਿਸ ਪਸ਼ੂਆਂ ਤੇ ਅਵਾਰਾ ਕੁੱਤਿਆਂ ਦੇ ਝੁੰਡ, ਵਿਗੜੀ ਹੋਈ ਟ੍ਰੈਫਿਕ ਸਮੱਸਿਆ, ਸਟਰੀਟ ਲਾਈਟਾਂ ਅਤੇ ਟੁਟੀਆਂ ਹੋਈਆਂ ਸੜਕਾਂ ਆਦਿ ਅੱਜ ਆਜ਼ਾਦੀ ਦਾ ਮੂੰਹ ਚਿੜਾ ਰਹੀਆਂ ਹਨ। ਲੰਮੇ ਸਮੇਂ ਤੋਂ ਜਲਾਲਾਬਾਦ ਫਾਟਕ 'ਤੇ ਅਧੂਰਾ ਪਿਆ ਰੇਵਲੇ ਫਲਾਈਓਵਰ ਵੀ ਸ਼ਹਿਰੀਆਂ ਦੀ ਮੁਸ਼ਕਲਾਂ ਵਿੱਚ ਵਾਧਾ ਕਰ ਰਿਹਾ ਹੈ। ਮਿਸ਼ਨ ਦੀ ਪ੍ਰਰੈਸ ਸਕੱਤਰ ਮਿਸ ਪੂਨਮ ਨਾਗਪਾਲ ਡਬਲ ਐਮਏ, ਬੀਐੱਡ ਨੇ ਕਿਹਾ ਹੈ ਕਿ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੂਹ ਪ੍ਰਰਾਪਤ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ। ਮਿਸ਼ਨ ਆਗੂਆਂ ਨੇ ਕਿਹਾ ਹੈ ਕਿ ਪਤਾ ਨਹੀਂ ਇਨ੍ਹਾਂ ਅਲਾਮਤਾਂ ਤੋਂ ਸ਼ਹਿਰ ਨੂੰ ਆਜ਼ਾਦੀ ਕਦੋਂ ਮਿਲੂ।