ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਜ਼ਿਲ੍ਹੇ'ਚ ਵੀਰਵਾਰ ਨੂੰ 20 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ। ਕੋਰੋਨਾ ਪਾਜ਼ੇਟਿਵ ਪਾਏ ਇਨ੍ਹਾਂ ਮਰੀਜ਼ਾਂ ਦੇ ਸੈਂਪਲ ਪਿਛਲੇ ਦਿਨੀਂ ਜਾਂਚ ਲਈ ਭੇਜੇ ਗਏ ਸੀ ਜਿਨ੍ਹਾਂ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੇਟਿਵ ਆਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚ 6 ਸ੍ਰੀ ਮੁਕਤਸਰ ਸਾਹਿਬ, 1 ਮਲੋਟ, 9 ਗਿੱਦੜਬਾਹਾ, 1 ਛਾਪਿਆਂਵਾਲੀ, 1 ਕੋਟਭਾਈ, 2 ਖਿੜਕੀਆਂਵਾਲਾ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ 'ਚੋਂ 14 ਮਰੀਜ਼ ਠੀਕ ਹੋ ਕੇ ਘਰ ਵਾਪਸ ਪਰਤੇ ਹਨ। ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 102 ਹੈ ਜਿਨ੍ਹਾਂ 'ਚੋਂ ਕੋਵਿਡ ਹਸਪਤਾਲ ਥਹੇੜੀ ਵਿਖੇ 18, ਹੋਮ ਆਇਸੋਲੇਟ 49 ਅਤੇ ਹੋਰ ਜ਼ਿਲੇ ਵਿੱਚ 7 ਦਾਖਲ ਹਨ। ਉਨ੍ਹਾਂ ਦੱਸਿਆ ਕਿ ਅੱਜ ਰਿਪੋਰਟ ਹੋਏ 20 ਮਰੀਜ਼ਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਅੱਜ ਤੱਕ ਜ਼ਿਲ੍ਹੇ 'ਚ ਕੁਲ 16727 ਸੈਂਪਲ ਲਏ ਗਏ ਹਨ ਜਿਨ੍ਹਾਂ 'ਚੋਂ 15760 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ। ਜ਼ਿਲ੍ਹੇ 'ਚ 632 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਡਾ. ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੋਵਿਡ 19 ਸਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਕੋਰੋਨਾ ਪੀੜ੍ਹਤ ਛੁਪਿਆ ਨਾ ਰਹਿ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਾ ਕੇ ਰੱਖੋ ਤੇ ਆਪਸੀ ਦੂਰੀ ਬਣਾ ਕੇ ਰੱਖੀ ਜਾਵੇ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ ਤੇ ਗੁਰਤੇਜ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਬਾਹਰਲੇ ਸੂਬੇ ਜਾਂ ਦੇਸ਼ 'ਚ ਆਉਂਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭੀੜ ਵਾਲੀਆਂ ਜਗ੍ਹਾ 'ਤੇ ਨਾ ਜਾਓ ਅਤੇ ਮਾਸਕ ਦੀ ਵਰਤੋਂ ਕਰੋ, ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ ਤਾਂ ਜੋ ਕੋਰੋਨਾ ਨਾਲ ਨਜਿੱਠਿਆ ਜਾ ਸਕੇ।