ਜਤਿੰਦਰ ਸਿੰਘ ਭੰਵਰਾ/ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ 7 ਹੋਰ ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ 3 ਹੋਰ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਠੀਕ ਹੋ ਗਏ ਹਨ। ਹੁਣ ਜ਼ਿਲ੍ਹੇ 'ਚ ਐਕਟਿਵ ਕੇਸਾਂ ਦੀ ਗਿਣਤੀ 74 ਰਹਿ ਗਈ ਹੈ। ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਦੀ ਅਗਵਾਈ 'ਚ ਮਿਸ਼ਨ ਫਤਹਿ ਅਧੀਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਵਿਡ-19 ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਕੋਵਿਡ-19 ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ 'ਚ 7 ਹੋਰ ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ 'ਚ ਤਿੰਨ ਮਰੀਜ ਮੁਕਤਸਰ, ਇਕ ਪਿੰਡ ਖੂੰਨਣ ਕਲਾਂ, ਇਕ ਪਿੰਡ ਰੋੜਾਂਵਾਲੀ, ਇਕ ਪਿੰਡ ਵੜਿੰਗ ਖੇੜਾ, ਇਕ ਪਿੰਡ ਕੋਟਭਾਈ ਦਾ ਹੈ। ਉਨ੍ਹਾਂ ਦੱਸਿਆ ਕਿ 3 ਮਰੀਜ ਐਤਵਾਰ ਨੂੰ ਸਿਹਤਮੰਦ ਹੋ ਗਏ ਹਨ ਜਿਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਜ਼ਿਲ੍ਹੇ 'ਚ ਹੁਣ ਐਕਟਿਵ ਕੇਸਾਂ ਦੀ ਗਿਣਤੀ 74 ਰਹਿ ਗਈ ਹੈ। ਅੱਜ ਤੱਕ ਜ਼ਿਲ੍ਹੇ 'ਚ 15540 ਸੈਂਪਲ ਲਏ ਗਏ ਹਨ ਜਿਸ 'ਚ 14902 ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ 312 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ 'ਚੋਂ ਦੋ ਅੌਰਤਾਂ ਦੀ ਮੌਤ ਹੋ ਚੁੱਕੀ ਹੈ ਅਤੇ 236 ਮਰੀਜ ਹੁਣ ਤੱਕ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ 339 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ।