ਅਮਨਦੀਪ ਮਹਿਰਾ, ਮਲੋਟ : ਜ਼ਿਲ੍ਹਾ ਪੁਲਿਸ ਮੁਖੀ ਡੀ. ਸੁਡਰਵਿਲੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ, ਡੀਐਸਪੀ ਭੁਪਿੰਦਰ ਸਿੰਘ ਮਲੋਟ ਦੀ ਨਿਗਰਾਨੀ ਹੇਠ ਅਤੇ ਐਸਆਈ ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਲੰਬੀ ਵੱਲੋਂ ਫਾਈਨਾਂਸ ਕੰਪਨੀ ਦੇ ਕਰਿੰਦੇ ਕੋਲੋਂ 67 ਹਜ਼ਾਰ ਰੁਪਏ ਦੀ ਖੋਹ ਕਰਨ ਵਾਲੇ 3 ਮੁਲਜ਼ਮ ਕਾਬੂ ਕੀਤੇ। ਪੁਲਿਸ ਨੂੰ ਮਹਿਬੂਬ ਖਾਨ ਪੁੱਤਰ ਉਮਰਦੀਨ ਵਾਸੀ ਕਾਲਿਆਂਵਾਲੀ ਨੇ ਬਿਆਨ ਲਿਖਾਇਆ ਕਿ ਉਹ ਸੁਤੰਤਰ ਫਾਇਨਾਂਸ ਕੰਪਨੀ ਅਲੀਕਾ ਰੋਡ ਡੱਬਵਾਲੀ ਦਾ ਕਰਮਚਾਰੀ ਹੈ ਅਤੇ ਇਸ ਕੰਪਨੀ ਵੱਲੋਂ ਪਿੰਡਾਂ ਅੰਦਰ ਲੋਕਾਂ ਨੂੰ ਲੋਨ ਦਿੱਤਾ ਜਾਂਦਾ ਹੈ। ਉਸਨੇ ਦੱਸਿਆ ਕਿ ਉਹ 7 ਅਗਸਤ 2020 ਨੂੰ ਕੰਪਨੀ ਦੀਆਂ ਕਿਸ਼ਤਾਂ ਇੱਕਠੀਆਂ ਕਰਨ ਲਈ ਪਿੰਡ ਤੱਪਾਖੇੜ੍ਹਾ ਅਤੇ ਮਾਹੂਆਣਾ ਗਿਆ ਸੀ। ਉਸਨੇ ਦੱਸਿਆ ਕਿ ਵਕਤ ਕ੍ਰੀਬ 12.00 ਵਜੇ ਦੁਪਿਹਰ ਦਾ ਹੋਵੇਗਾ ਕਿ ਉਹ ਕਿਸ਼ਤਾਂ ਦੇ 67 ਹਜ਼ਾਰ ਰੁਪਏੇ ਇਕੱਠੇ ਕਰਕੇ ਆਪਣੇ ਕਿੱਟ/ਬੈਗ ਵਿੱਚ ਪਾ ਕੇ ਪਿੰਡ ਮਾਹੂਆਣਾ ਤੋਂ ਪਿੰਡ ਆਧਨੀਆਂ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਪੈਂਦੀ ਨਹਿਰ ਦਾ ਪੁਲ ਕਰਾਸ ਕਰਦੇ ਸਾਰ ਹੀ ਇੱਕ ਮੋਟਰਸਾਇਕਲ ਤੇ ਸਵਾਰ 04 ਨੌਜਵਾਨਾਂ ਨੇ ਉਸ ਨੂੰ ਰੋਕ ਕੇ ਉਸਦੇ ਬੈਗ 'ਚ ਕਿਸਤਾਂ ਦੇ ਇਕੱਠੇ ਕੀਤੇ ਹੋਏ ਪੈਸੇ ਖੋਹ ਕੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਪਿੰਡ ਮਾਹੂਆਣਾ ਵਾਲੇ ਪਾਸੇ ਭੱਜ ਗਏ। ਪੁਲਿਸ ਵੱਲੋਂ ਮਹਿਬੂਬ ਖਾਨ ਦੇ ਬਿਆਨ 'ਤੇ ਮੁਕੱਦਮਾ ਨੰਬਰ 244 ਥਾਣਾ ਲੰਬੀ ਬਰਖਿਲਾਫ਼ ਨਾ ਮਲੂਮ ਵਿਅਕਤੀਆਂ ਦਰਜ ਰਜਿਸਟਰ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ। ਦੌਰਾਨੇ ਤਫਤੀਸ਼ ਪੁਲਿਸ ਵੱਲੋਂ ਮੁਲਜ਼ਮ ਰਵੀ ਪੁੱਤਰ ਸੁੱਖਾ ਸਿੰਘ, ਕੋਮਲ ਪੁੱਤਰ ਜਸਵਿੰਦਰ ਸਿੰਘ, ਬੇਅੰਤ ਸਿੰਘ ਪੁੱਤਰ ਭੋਲਾ ਸਿੰਘ ਵਾਸੀਆਨ ਤੱਪਾਖੇੜਾ ਮੁਕੱਦਮੇ 'ਚ ਕਾਬੂ ਕਰਕੇ ਵਾਰਦਾਤ 'ਚ ਵਰਤਿਆ ਹੋਇਆ ਮੋਟਰ ਸਾਈਕਲ ਬ੍ਰਾਮਦ ਕਰਕੇ ਇਨ੍ਹਾਂ ਦੇ ਕਬਜਾ ਵਿੱਚ ਮਹਿਬੂਬ ਖਾਨ ਪਾਸੋਂ ਖੋਹੇ ਹੋਏ 41 ਹਜਾਰ ਰੁਪਏ ਬ੍ਰਾਮਦ ਕਰ ਲਏ ਹਨ ਅਤੇ ਇਨ੍ਹਾਂ ਦੇ ਸਾਥੀ ਚੌਥੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਮੁਕੱਦਮੇ ਦੀ ਤਫਤੀਸ ਅੱਗੇ ਜਾਰੀ ਹੈ।