ਅਮਨਦੀਪ ਮਹਿਰਾ/ਵਰਿੰਦਰ ਬੱਬੂ, ਮਲੋਟ/ਪੰਨੀਵਾਲਾ ਫੱਤਾ : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ, ਬਲਾਕ ਇਕਾਈ ਆਲਮਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸਮੂਹ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਬੇਰੁਖੀ ਦਾ ਸਖਤ ਨੋਟਿਸ ਲੈਂਦਿਆਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਸਿਹਤ ਕਾਮਿਆਂ ਨੂੰ ਸਨਮਾਨ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਤਨਖਾਹਾਂ ਰੋਕਣ, ਮੋਬਾਈਲ ਭੱਤਾ ਘਟਾਉਣ, ਡੀਏ ਦੀਆਂ ਕਿਸ਼ਤਾਂ ਨਾ ਦੇਣ ਆਦਿ ਨਾਲ ਸਰਕਾਰ ਦਾ ਅਸਲ ਸੱਚ ਅਤੇ ਮੁਲਾਜ਼ਮ ਵਿਰੋਧੀ ਸੋਚ ਸਾਹਮਣੇ ਆ ਗਈ ਹੈ। ਸਰਕਾਰ ਇਸ ਮਹਾਂਮਾਰੀ ਦੌਰਾਨ ਸਿਹਤ ਕਾਮਿਆਂ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰ ਰਹੀ ਹੈ। ਸਿਹਤ ਮੁਲਾਜ਼ਮਾ ਨੇ ਕਿਹਾ ਕਿ ਉਹ ਅਜਿਹਾ ਕਦੇ ਵੀ ਨਹੀਂ ਹੋਣ ਦੇਣਗੇ। ਆਗੂਆਂ ਵੱਲੋਂ ਇਹ ਦੱਸਿਆ ਕਿ ਮਿਤੀ 7-08-2020 ਨੂੰ ਪਟਿਆਲਾ ਵਿਖੇ ਜੋ ਮੋਤੀ ਮਹਿਲ ਦਾ ਿਘਰਾਓ ਕੀਤਾ ਜਾਣਾ ਹੈ ਉਸ 'ਚ ਵੱਧ ਤੋਂ ਵੱਧ ਗਿਣਤੀ 'ਚ ਮਲਟੀਪਰਪਜ਼ ਸਿਹਤ ਕਰਮਚਾਰੀ ਪਹੁੰਚਣਗੇ ਅਤੇ ਮੁਲਾਜ਼ਮ ਮਾਰੂ ਤੇ ਸਿਹਤ ਮਹਿਕਮੇਂ ਨੂੰ ਖਤਮ ਕਰਨ ਦੀਆਂ ਚਾਲਾਂ ਦਾ ਪਿੱਟ ਸਿਆਪਾ ਅਤੇ ਪੁਰਜ਼ੋਰ ਵਿਰੋਧ ਕਰਨਗੇ।ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀਆਂ ਮੁੱਖ ਮੰਗਾਂ 'ਚ ਸਿਹਤ ਵਿਭਾਗ 'ਚ ਕੰਟਰੈਕਟ, ਆਊਟਸੋਰਸ ਅਤੇ ਵੱਖ-ਵੱਖ ਸਕੀਮਾਂ ਅਧੀਨ ਕੰਮ ਕਰਦੇ ਸਮੂਹ ਕੱਚੇ ਕਾਮਿਆਂ ਨੂੰ ਪੱਕਾ ਕਰਨ ਅਤੇ 1263 ਨਵਨਿਯੁਕਤ ਮਲਟੀਪਰਪਜ਼ ਹੈਲਥ ਵਰਕਰ (ਮੇਲ) ਦਾ ਪਰਖਕਾਲ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨ ਦੀਆਂ ਮੁੱਖ ਮੰਗਾਂ ਸ਼ਾਮਿਲ ਹਨ। ਇਸਤੋਂ ਇਲਾਵਾ ਇਹ ਮੰਗ ਹੈ ਕਿ ਕੋਵਿਡ-19 ਦੌਰਾਨ ਫਰੰਟਲਾਈਨ 'ਤੇ ਕੰਮ ਕਰਦੇ ਸਮੂਹ ਸਿਹਤ ਕਾਮਿਆਂ ਨੂੰ ਵਿਸ਼ੇਸ਼ ਲਾਭ ਭੱਤਾ ਦਿੱਤਾ ਜਾਵੇ। ਇਨ੍ਹਾਂ ਮੰਗਾਂ 'ਤੇ ਵਿਚਾਰ ਕਰਦਿਆਂ ਅੰਤ 'ਚ ਬਲਾਕ ਦੇ ਸਮੂਹ ਸਿਹਤ ਕਾਮਿਆਂ ਵੱਲੋਂ ਪਟਿਆਲਾ ਵਿਖੇ ਮੋਤੀ ਮਹਿਲ ਦੇ ਿਘਰਾਓ ਸੰਬੰਧੀ ਤਿਆਰੀਆਂ ਦੀ ਰੂਪ ਰੇਖਾ ਉਲੀਕੀ ਗਈ। ਇਸ ਸਮੇਂ ਬਲਾਕ ਆਲਮਵਾਲਾ ਦੇ ਸਮੁੱਚੇ ਮਲਟੀਪਰਪਜ਼ ਸਿਹਤ ਕਾਮੇਂ ਹਾਜ਼ਰ ਸਨ।