ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਅੌਰਤਾਂ ਦੇ ਹੱਕਾਂ ਖਾਤਰ ਸੰਘਰਸ਼ ਕਰਨ ਵਾਲੀ ਜਥੇਬੰਦੀ ਅੌਰਤ ਤੇ ਬੱਚਾ ਭਲਾਈ ਸੰਸਥਾ ਪੰਜਾਬ ਦੇ ਕੋਲ ਦੋ ਅੌਰਤਾਂ ਨੇ ਇਨਸਾਫ਼ ਲੈਣ ਲਈ ਅਰਜੀਆਂ ਦਿੱਤੀਆਂ ਹਨ। ਸੰਸਥਾ ਵੱਲੋਂ ਪੀੜਤ ਅੌਰਤਾਂ ਦੇ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਵੂਮੈਨ ਕਮਿਸ਼ਨ ਨੂੰ ਭੇਜੇ ਹਨ। ਸੰਸਥਾ ਦੀ ਸੂਬਾ ਦਫ਼ਤਰ ਸਕੱਤਰ ਸ਼ਿੰਦਰਪਾਲ ਕੌਰ ਥਾਂਦੇਵਾਲਾ ਨੇ ਦੱਸਿਆ ਕਿ ਪਹਿਲਾ ਮਾਮਲਾ ਪੁਲਿਸ ਥਾਣਾ ਬਰੀਵਾਲਾ ਅਧੀਨ ਆਉਂਦੇ ਪਿੰਡ ਹਰੀਕੇ ਕਲਾਂ ਦਾ ਹੈ, ਜੋ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਚ ਆਉਂੁਦਾ ਹੈ। ਇੱਥੋਂ ਦੀ ਇਕ ਵਿਧਵਾ ਅੌਰਤ ਗੁਰਪ੍ਰਰੀਤ ਕੌਰ 36 ਸਾਲ ਦੀ ਜੋ ਆਪਣੀ 10 ਦੀ ਬੇਟੀ ਨਾਲ ਸਹੁਰੇ ਪਰਿਵਾਰ ਤੋਂ ਵੱਖ ਰਹਿ ਰਹੀ ਹੈ ਕਿਉਂਕਿ ਪੰਜ ਸਾਲ ਪਹਿਲਾਂ ਗੁਰਪ੍ਰਰੀਤ ਦਾ ਪਤੀ ਨਸ਼ਿਆਂ ਦੀ ਭੇਟ ਚੜ੍ਹ ਗਿਆ। ਉਸ ਨੂੰ 16 ਏਕੜ ਜਮੀਨ ਆਉਂਦੀ ਸੀ। ਜਦ ਕਿ ਉਸ ਦੇ ਨਾਮ ਸਿਰਫ਼ 3 ਏਕੜ ਜਮੀਨ ਚੜ੍ਹੀ ਸੀ ਪਰ ਮੌਤ ਹੋਣ ਤੋਂ ਬਾਅਦ ਗੁਰਪ੍ਰਰੀਤ ਕੌਰ ਤੇ ਉਸ ਦੀ ਬੇਟੀ ਦੇ ਨਾਮ 2 ਏਕੜ ਜਮੀਨ ਹੀ ਹੋਈ। ਸਹੁਰੇ ਪਰਿਵਾਰ ਨੇ 16 ਏਕੜ ਜਮੀਨ ਵਿਚੋਂ ਤਾਂ ਕੀ ਦੇਣਾ ਸੀ, ਉਲਟਾ ਜਿਹੜੀ ਜਮੀਨ ਮਾਵਾਂ-ਧੀਆਂ ਦੇ ਨਾਮ ਚੜ੍ਹੀ ਸੀ, ਉਹ ਵੀ ਨੱਪ ਲਈ। ਗੁਰਪ੍ਰਰੀਤ ਆਪਣੇ ਪਤੀ ਦੇ ਮਰਨ ਤੋ ਪਹਿਲਾਂ ਆਪਣੇ ਸੱਸ-ਸਹੁਰੇ ਤੋਂ ਵੱਖ ਪਤੀ ਨਾਲ ਰਹਿ ਰਹੀ ਸੀ। ਪਰ ਜਦ ਉਸ ਦੀ ਮੌਤ ਹੋ ਗਈ ਤਾਂ ਉਸ ਦਾ ਸਹੁਰਾ ਪਰਿਵਾਰ ਉਸ ਦੇ ਘਰ ਵਿਚ ਖੜਾ ਟਰੈਕਟਰ, ਖੇਤੀ ਸੰਦ ਤੇ ਘਰ ਦਾ ਹੋਰ ਸਾਮਾਨ ਚੁੱਕ ਕੇ ਲੈ ਗਏ। ਫਰਵਰੀ 2020 ਵਿਚ ਗੁਰਪ੍ਰਰੀਤ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਕੁੱਟਿਆ-ਮਾਰਿਆ ਤੇ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਘਰ ਡਟੀ ਰਹੀ ਤੇ ਪਹਿਲਾਂ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਅਤੇ ਫਿਰ ਇਹ ਸਾਰਾ ਮਾਮਲਾ ਸੰਸਥਾ ਦੇ ਕੋਲ ਲਿਆਂਦਾ। ਸੰਸਥਾ ਨੇ ਜਿਲ੍ਹਾ ਪੁਲਿਸ ਮੁਖੀ, ਡੀਐਸਪੀ ਤੇ ਪੁਲਿਸ ਇੰਸਪੈਕਟਰ ਮੰਡੀ ਬਰੀਵਾਲਾ ਨੂੰ ਮਿਲ ਕੇ ਮੰਗ ਪੱਤਰ ਦਿੱਤੇ। ਗੁਰਪ੍ਰਰੀਤ ਦੀ ਹਸਪਤਾਲ ਵਿਚ ਬਕਾਇਦਾ ਐਮਐਲਆਰ ਕੱਟੀ ਗਈ ਸੀ। ਪਰ ਤ੍ਰਾਸਦੀ ਇਹ ਹੈ ਕਿ ਰਾਜਨੀਤਿਕ ਦਬਾਅ ਦੇ ਚੱਲਦਿਆਂ ਅਜੇ ਤਕ ਪੁਲਿਸ ਨੇ ਉਸ ਦੀ ਐਫ਼ਆਰਆਈ ਤਾਂ ਕੀ ਕੱਟਣੀ ਸੀ, ਸਗੋਂ ਡੀਡੀਆਰ ਵੀ ਦਰਜ ਨਹੀ ਕੀਤੀ। ਹੁਣ ਸੰਸਥਾ ਵੱਲੋਂ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਜੇਕਰ ਗੁਰਪ੍ਰਰੀਤ ਦੇ ਸਹੁਰੇ ਪਰਿਵਾਰ ਦੇ ਖਿਲਾਫ਼ ਪਰਚਾ ਦਰਜ ਕਰਕੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਦਾ ਿਘਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਦੂਜਾ ਮਾਮਲਾ ਪਿੰਡ ਇਸਲਾਮ ਵਾਲਾ ਦੀ ਇਕ ਅੌਰਤ ਸਤਵੀਰ ਕੌਰ ਦਾ ਹੈ, ਜੋ ਆਂਗਨਵਾੜੀ ਵਰਕਰ ਹੈ ਤੇ ਯੂਨੀਅਨ ਦੀ ਆਗੂ ਹੈ। ਗੁਆਂਢੀਆਂ ਨਾਲ ਇਕ ਗਲੀ ਦੇ ਮਾਮਲੇ ਨੂੰ ਲੈ ਕੇ ਰੌਲਾ ਸੀ। ਗਲੀ ਦੋਵਾਂ ਘਰਾਂ ਸਾਂਝੀ ਹੈ। ਪਰ ਗੁਆਂਢੀ ਇਕੱਲੇ ਰੋਕਣਾ ਚਾਹੁੰਦੇ ਸਨ। ਜਦਕਿ ਪਿਛਲੇ 25 ਸਾਲਾਂ ਤੋਂ ਇਹ ਗਲੀ ਪ੍ਰਸ਼ਾਸਨ ਵੱਲੋਂ ਪੱਕੀ ਕੀਤੀ ਹੋਈ ਹੈ। ਸਤਵੀਰ ਕੌਰ ਦੇ ਘਰ ਦਾ ਪਾਣੀ ਉਸ ਗਲੀ ਵਿਚੋਂ ਨਿਕਲ ਰਿਹਾ ਹੈ ਅਤੇ ਜਲ ਘਰ ਦੇ ਪਾਣੀ ਵਾਲੀਆਂ ਪਾਇਪਾਂ ਵੀ ਇਸ ਗਲੀ ਰਾਹੀਂ ਹੀ ਸਤਵੀਰ ਕੌਰ ਦੇ ਘਰ ਨੂੰ ਲੰਘਦੀਆਂ ਹਨ। ਪਰ ਹੁਣ 26 ਜੁਲਾਈ ਦੂਜੀ ਧਿਰ ਨੇ ਗਲੀ ਦੇ ਮਾਮੂਲੀ ਤਕਰਾਰ ਨੂੰ ਲੈ ਕੇ ਸਤਵੀਰ ਕੌਰ ਅਤੇ ਉਸ ਦੇ ਪਰਿਵਾਰ 'ਤੇ ਸੰਗੀਨ ਧਾਰਾਵਾਂ ਦੇ ਅਧੀਨ ਰਾਜਨੀਤਿਕ ਦਬਾਅ ਨਾਲ ਪੁਲਿਸ ਥਾਣਾ ਅਰਨੀਵਾਲਾ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਸੰਸਥਾ ਅਤੇ ਆਂਗਣਵਾੜੀ ਯੂਨੀਅਨ ਨੇ ਇਕ ਧੱਕੇਸ਼ਾਹੀ ਦੇ ਖਿਲਾਫ਼ ਹਲਕਾ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਜੇਕਰ ਇਹ ਪਰਚਾ ਰੱਦ ਨਾ ਕੀਤਾ ਗਿਆ ਤਾਂ ਉਸ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।