ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ : ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਬਰੀਵਾਲਾ ਵੱਲੋਂ ਬਿਜਲੀ ਸੋਧ ਬਿੱਲ 2020 ਰੱਦ ਕਰਵਾਉਣ, ਸਰਕਾਰੀ ਥਰਮਲ ਚਾਲੂ ਕਰਨ, ਡਿਸਮਿਸ ਆਗੂ ਬਹਾਲ ਕਰਾਉਣ, ਬਠਿੰਡਾ ਥਰਮਲ ਦੀ 1764 ਏਕੜ ਜ਼ਮੀਨ ਵੇਚਣ ਦਾ ਫੈਸਲਾ ਰੱਦ ਕਰਾਉਣ, ਨਵੀਂ ਭਰਤੀ ਪੰਜਾਬ ਦੇ ਸਕੇਲਾਂ 'ਤੇ ਕਰਵਾਉਣ, ਮੋਬਾਇਲ ਭੱਤੇ ਦੀ ਕਟੌਤੀ ਰੱਦ ਕਰਵਾਉਣ, ਸੀਐਚਬੀ ਕਾਮਿਆਂ ਦੀਆਂ ਛਾਂਟੀਆਂ ਰੱਦ ਕਰਾਉਣ ਲਈ ਸਟੇਟ ਕਮੇਟੀ ਦੇ ਸੱਦੇ 'ਤੇ ਗੇਟ ਰੈਲੀ ਕੀਤੀ। ਇਸ ਦੌਰਾਨ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਰੈਲੀ ਦੌਰਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ, ਕੇਂਦਰ ਦੀ ਸਰਕਾਰ ਨਵੇਂ ਨਵੇਂ ਆਰਡੀਨੈਂਸ ਲਿਆ ਕੇ ਹਰ ਪਾਸੇ ਨਿੱਜੀ ਕਰਨ ਦਾ ਰਾਹ ਪੱਧਰਾਂ ਕਰ ਰਹੀ ਹੈ, ਅਤੇ ਪੰਜਾਬ ਤੇ ਪੂਰੇ ਹਿੰਦੁਸਤਾਨ ਨੂੰ ਕੰਗਾਲੀ ਵੱਲ ਧਕੇਲ ਰਹੀ। ਰੈਲੀ ਦੌਰਾਨ ਕੋਵਿੰਡ 19 ਨੂੰ ਧਿਆਨ ਵਿੱਚ ਰੱਖਦਿਆਂ ਸਰੀਰਕ ਦੂਰੀ ਅਤੇ ਮਾਸਕ ਦਾ ਖਿਆਲ ਪੂਰੀ ਤਰ੍ਹਾਂ ਰੱਖਿਆ ਗਿਆ। ਆਗੂਆਂ ਨੇ ਇਹ ਵੀ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਨਾਂ 'ਤੇ ਲੋਕਾਂ ਦੇ ਜਮਹੂਰੀ ਹੱਕ ਕੁਚਲੇ ਜਾ ਰਹੇ ਹਨ। ਕਿਸਾਨ, ਮਜ਼ਦੂਰ ਅਤੇ ਮੁਲਾਜ਼ਮਾਂ 'ਤੇ ਮਾਰੂ ਹੱਲਾ ਬੋਲਿਆ ਜਾ ਰਿਹਾ ਹੈ, ਜਿਸਦਾ ਸਾਹਮਣਾ ਸਾਂਝੇ ਸੰਘਰਸ਼ ਰਾਹੀਂ ਕੀਤਾ ਜਾਵੇਗਾ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਪਣੇ ਕੀਤੇ ਵਾਅਦੇ ਪੂਰੇ ਕੀਤੇ ਜਾਣ। ਉਨ੍ਹਾਂ ਪਾਵਰਕਾਮ ਮੈਨੇਜ਼ਮੈਂਟ ਤੋਂ ਮੰਗ ਕੀਤੀ ਕਿ ਮੀਟਿੰਗ ਦੇ ਕੇ ਮਸਲੇ ਹੱਲ ਕੀਤੇ ਜਾਣ ਨਹੀਂ ਤਾਂ ਇਸ ਸੰਘਰਸ਼ ਨੂੰ ਹੋਰ ਵੀ ਪ੍ਰਚੰਡ ਰੂਪ ਦਿੱਤਾ ਜਾਵੇਗਾ। ਰੈਲੀ ਨੂੰ ਪ੍ਰਧਾਨ ਬੱਲਾ ਸਿੰਘ, ਸਰਕਲ ਖਜਾਨਚੀ ਅਮਰਜੀਤ ਪਾਲ ਸ਼ਰਮਾ, ਮੀਤ ਪ੍ਰਧਾਨ ਸੁਰਿੰਦਰ ਸਿੰਘ ਅਤੇ ਸਹਾਇਕ ਸਕੱਤਰ ਸੁਖਮਿੰਦਰ ਸਿੰਘ ਨੇ ਸੰਬੋਧਨ ਕੀਤਾ।