ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਚੌਥਾ ਦਰਜਾ ਕਰਮਚਾਰੀਆਂ ਨੂੰ ਛੱਡ ਕੇ ਬਾਕੀ ਵਰਗਾਂ ਦੇ ਮੁਲਾਜਮਾਂ ਦੀਆਂ ਤਨਖਾਹਾਂ ਰੋਕਣ ਦੇ ਜੁਬਾਨੀ ਕਲਾਮੀ ਹੁਕਮਾਂ ਖਿਲਾਫ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ ਫਰੰਟ ਵੱਲੋਂ ਸਥਾਨਕ ਜਿਲ੍ਹਾ ਖਜ਼ਾਨਾ ਦਫਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਰੋਸ ਪ੍ਰਗਟਾ ਰਹੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਨੇ ਆਖਿਆ ਕਿ ਪੰਜਾਬ ਸਰਕਾਰ ਕੋਰੋਨਾ ਦੀ ਆੜ ਵਿੱਚ ਨਿੱਤ ਦਿਹਾੜੇ ਮੁਲਾਜਮ ਵਿਰੋਧੀ ਫੈਸਲੇ ਲੈ ਰਹੀ ਹੈ, ਜਿਨ੍ਹਾਂ ਨੂੰ ਹਰਗਿਜ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਾ ਕੇ ਪਹਿਲਾਂ ਬਕਾਏ ਤੇ ਡੀਏ ਦੀਆਂ ਕਿਸਤਾਂ ਦਬਾ ਕੇ ਬੈਠੀ ਹੈ ਤੇ ਹੁਣ ਤਨਖਾਹਾਂ ਰੋਕਣ ਦਾ ਨਾਦਰਸਾਹੀ ਫੁਰਮਾਨ ਜਾਰੀ ਕਰ ਦਿੱਤਾ ਹੈ। ਅਧਿਆਪਕ ਆਗੂ ਨੇ ਆਖਿਆ ਕਿ ਮੁਲਾਜਮਾਂ ਦੀਆਂ ਤਨਖਾਹਾਂ ਤੇ ਰੋਕ ਲਗਾਉਣ ਵਾਲੀ ਕੈਪਟਨ ਸਰਕਾਰ ਦੇ ਵਿਧਾਇਕ/ਮੰਤਰੀ ਸ਼ਾਹਾਨਾ ਸੁਖ ਸਹੂਲਤਾਂ ਤੇ ਭੱਤਿਆਂ ਉੱਪਰ ਕੋਈ ਰੋਕ ਟੋਕ ਨਹੀਂ ਹੈ। ਜਥੇਬੰਦੀ ਦੇ ਆਗੂਆਂ ਨੇ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਤਨਖਾਹਾਂ ਤੇ ਲਈ ਪਾਬੰਦੀ ਵਾਪਸ ਲੈਣ ਦੇ ਮੰਗ ਕੀਤੀ। ਡੀਟੀਐੱਫ. ਦੇ ਆਗੂਆਂ ਨੇ ਸਰਕਾਰ ਦੇ ਅਜਿਹੇ ਮੁਲਾਜਮ ਵਿਰੋਧੀ ਫੈਸਲਿਆਂ ਨੂੰ ਨੱਥ ਪਾਉਣ ਲਈ ਅਧਿਆਪਕ ਵਰਗ ਨੂੰ 5 ਅਗਸਤ ਨੂੰ ਰਾਜ ਪੱਧਰੀ ਮੋਟਰਸਾਈਕਲ ਮਾਰਚ ਵਿੱਚ ਸਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੂਟਾ ਸਿੰਘ ਵਾਕਫ, ਸੁਰਿੰਦਰ ਸੇਤੀਆ, ਹਰਬੰਸ ਲਾਲ, ਤੇਜਿੰਦਰ ਸਿੰਘ,ਪਰਮਿੰਦਰ ਖੋਖਰ, ਮਨੋਜ ਬੇਦੀ, ਪਰਮਿੰਦਰ ਥਾਂਦੇ ਵਾਲਾ, ਗੁਰਜੀਤ ਸੋਢੀ, ਰਾਜ ਕੁਮਾਰ ਤੇ ਰਾਮ ਸਵਰਨ ਲੱਖੇਵਾਲੀ ਵੀ ਮੌਜੂਦ ਸਨ।