ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿੁਬ : ਜ਼ਿਲੇ੍ਹ 'ਚ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਨੇ ਗੁਰੂ ਨਾਨਕ ਕਾਲਜ ਦਾ ਜਾਇਜਾ ਲਿਆ। ਉਨ੍ਹਾਂ ਇੱਥੇ ਇਕਾਂਤਵਾਸ ਕੀਤੇ 17 ਵਿਅਕਤੀਆਂ ਦੀ ਸਾਂਭ ਸੰਭਾਲ ਦਾ ਜਾਇਜਾ ਲਿਆ ਅਤੇ ਉਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਸੁਚੇਤ ਰਹਿਣ ਲਈ ਕਿਹਾ। ਉਨ੍ਹਾਂ ਸੈਂਟਰ ਦੇ ਸਟਾਫ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਕਾਂਤਵਾਸ ਕੀਤੇ ਵਿਅਤੀਆਂ ਦੀ ਬਹੁਤ ਸੁਚੱਜੇ ਢੰਗ ਨਾਲ ਦੇਖ ਭਾਲ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਸੈਂਟਰ ਤੋਂ ਇਲਾਵਾ ਲੋੜ ਪੈਣ ਤੇ ਬਾਹਰ ਤੋਂ ਆਏ ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਭੇਜਣ ਲਈ ਡੇਰਾ ਭਾਈ ਮਸਤਾਨ ਸਕੂਲ ਤੇ ਅਕਾਲ ਅਕੈਡਮੀ ਸਕੂਲ 'ਚ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਬਾਹਰਲੇ ਰਾਜਾਂ 'ਚੋ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕਰਨ ਸਬੰਧੀ ਕਿਸੇ ਪ੍ਰਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸਮੇਂ ਮਾਸਕ ਪਾ ਕੇ ਰੱਖਣ, ਸਮਾਜਿਕ ਦੂਰੀ ਬਣਾਉਣ, ਜਰੂਰੀ ਹੋਣ ਤੇ ਘਰੋਂ ਬਾਹਰ ਜਾਣ, ਵਾਰ-ਵਾਰ ਹੱਥ ਧੋਣ ਵਰਗੀਆਂ ਸਾਵਧਾਨੀਆਂ ਵਰਤ ਕੇ ਹੀ ਕੋਰੋਨਾ ਮਹਾਂਮਾਰੀ ਨੂੰ ਠੱਲ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਜਰੂਰ ਕੀਤੀ ਜਾਵੇ। ਇਸ ਮੋਕੇ ਉਨ੍ਹਾਂ ਨਾਲ ਡਿਪਟੀ ਡੀਓ ਕਪਿਲ ਸ਼ਰਮਾ ਤੇ ਮੀਡੀਆ ਕੋਆਰਡੀਨੇਟਰ (ਐਜੂਕੇਸ਼ਨ ਡਿਪਾਰਟਮੈਂਟ) ਅਮਰਜੀਤ ਸਿੰਘ ਵੀ ਮੌਜੂਦ ਸਨ।