ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਬੀਤੇ ਦਿਨੀਂ ਕੋਵਿਡ-19 ਦੇ ਲਏ ਗਏ ਸੈਂਪਲਾਂ 'ਚੋਂ ਵੀਰਵਾਰ ਨੂੰ 228 ਲੋਕਾਂ ਦੀ ਰਿਪੋਰਟ ਕੋਵਿਡ ਨੈਗੇਟਿਵ ਆਈ ਹੈ ਜਦਕਿ ਜ਼ਿਲ੍ਹਾ ਫਾਜਿਲਕਾ ਦੀ ਆਈ ਰਿੋਪਰਟ 'ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਤਿੰਨ ਲੋਕ ਪਾਜ਼ੇਟਿਵ ਆਏ ਹਨ। ਇਹ ਤਿਨੋਂ ਮਰੀਜ ਜ਼ਿਲ੍ਹਾ ਫਾਜਿਲਕਾ 'ਚ ਆਪਣਾ ਚੈਕਅੱਪ ਕਰਵਾਉਣ ਗਏ ਸਨ ਜਿੱਥੇ ਕੋਵਿਡ-19 ਦੀ ਲਈ ਗਈ ਰਿਪੋਰਟ 'ਚ ਇਹ ਪਾਜ਼ੇਟਿਵ ਪਾਏ ਗਏ ਹਨ। ਪਾਜ਼ੇਟਿਵ ਆਉਣ ਵਾਲਿਆਂ 'ਚ 41 ਸਾਲਾ ਅਤੇ 70 ਸਾਲਾ ਵਿਅਕਤੀ ਹਨ ਜਦਕਿ ਇਕ 25 ਸਾਲਾ ਅੌਰਤ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮਿਸ਼ਨ ਫਤਹਿ ਅਧੀਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਵਿਡ-19 ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਕੋਵਿਡ-19 ਸਬੰਧੀ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 11600 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਿਸ 'ਚੋਂ 10904 ਦੀ ਰਿਪੋਰਟ ਨੈਗੇਟਿਵ ਤੇ 162 ਮਰੀਜ਼ ਪਾਜ਼ੇਟਿਵ ਹਨ, ਜਿਨ੍ਹਾਂ 'ਚੋਂ 142 ਕੇਸ ਠੀਕ ਹੋ ਕੇ ਘਰ ਚਲੇ ਗਏ ਹਨ ਅਤੇ 19 ਕੇਸ ਐਕਟਿਵ ਹਨ ਤੇ 540 ਕੇਸਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਨ੍ਹਾਂ 'ਚੋਂ ਤਿੰਨ ਮਰੀਜ ਫਰੀਦਕੋਟ ਮੈਡੀਕਲ ਕਾਲਜ 'ਚ ਦਾਖਲ ਹਨ। ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਫਲੂ ਕਾਰਨਰਾਂ ਤੇ ਕੋਵਿਡ-19 ਸਬੰਧੀ 248 ਸੈਂਪਲ ਲਏ ਗਏ ਹਨ। ਜ਼ਿਲ੍ਹਾ ਪ੍ਰਸਾਸ਼ਨ ਦੇ ਯਤਨਾਂ ਸਦਕਾ ਸਿਹਤ ਵਿਭਾਗ ਨੇ ਇਨ੍ਹਾਂ ਮਰੀਜਾਂ ਦੀ ਜਲਦੀ ਪਹਿਚਾਣ ਕਰਕੇ ਤੇ ਇਲਾਜ ਕਰਕੇ ਇਨ੍ਹਾਂ ਮਰੀਜਾਂ 'ਚੋਂ ਹੁਣ ਤੱਕ 142 ਮਰੀਜਾਂ ਨੂੰ ਜਲਦੀ ਠੀਕ ਕਰਕੇ ਘਰ ਭੇਜ ਦਿੱਤਾ ਗਿਆ ਹੈ।