ਦਵਿੰਦਰ ਬਾਘਲਾ, ਦੋਦਾ : ਪਿੰਡ ਮੱਲ੍ਹਣ ਦੇ ਕੋਠੇ ਅਮਨਗੜ੍ਹ ਵਿਖੇ ਸੜਕ 'ਤੇ ਅੱਗੇ ਲੰਘਣ ਲਈ ਰਸਤਾ ਮੰਗਣ 'ਤੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਕੁਝ ਇਕੱਠੇ ਹੋਏ ਨੌਜਵਾਨਾਂ ਨੇ ਦੋ ਟਰੈਕਟਰ ਚਾਲਕਾਂ 'ਤੇ ਹਮਲਾ ਕੇ ਜ਼ਖ਼ਮੀ ਕਰ ਦਿੱਤਾ, ਜਿਨਾਂ 'ਚੋਂ ਇੱਕ ਸਿਰ 'ਚ ਸੱਟ ਲੱਗਣ ਕਾਰਨ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਹੈ, ਜਦਕਿ ਦੂਜੇ ਦੇ ਕੁਝ ਅੰਦਰੂਨੀ ਸੱਟਾਂ ਹਨ। ਇਸ ਸਬੰਧੀ ਕੋਠੇ ਅਮਨਗੜ੍ਹ ਦੇ ਕਾਲਾ ਸਰਪੰਚ ਦੀ ਅਗਵਾਈ 'ਚ ਇਕੱਠੇ ਹੋਏ ਪਿ੍ਰਤਪਾਲ ਸਿੰਘ, ਗੁਰਜਿੰਦਰ ਸਿੰਘ, ਮਨਜੀਤ ਸਿੰਘ, ਨਬੀ, ਨਛੱਤਰ ਸਿੰਘ, ਬਲਜੀਤ ਸਿੰਘ, ਬੋਹੜ ਸਿੰਘ, ਬਿੱਕਰ ਸਿੰਘ,ਜਿੰਦਰ ਸਿੰਘ, ਜਗਰੂਪ ਸਿੰਘ, ਸੁਖਮੰਦਰ ਸਿੰਘ, ਪਾਲ ਸਿੰਘ, ਗੁਰਮੀਤ ਸਿੰਘ ਆਦਿ ਪਿੰਡ ਵਾਸੀਆਂ ਨੇ ਦੱਸਿਆ ਕਿ ਜਦ ਸਮੂਹ ਪਿੰਡ ਵਾਸੀ ਗ੍ਰਾਮ ਪੰਚਾਇਤ ਦੀ ਸਹਿਮਤੀ ਨਾਲ ਪਿੰਡ 'ਚ ਬਣੇ ਬਿਜਲੀ ਗਰਿਡ ਕੋਲ ਖਾਲੀ ਪਈ ਸਰਕਾਰੀ ਜਗ੍ਹਾ 'ਚ ਪਾਰਕ ਬਣਾਉਣ ਲਈ ਟ੍ਰੈਕਟਰ-ਟਰਾਲੀਆਂ ਨਾਲ ਮਿੱਟੀ ਦੀ ਭਰਤ ਪਾ ਰਹੇ ਸਨ ਤਾਂ ਕੁਝ ਕਾਰ ਤੇ ਮੋਟਰ ਸਾਈਕਲ ਸਵਾਰ 10 ਦੇ ਕਰੀਬ ਨੌਜਵਾਨ ਆਏ ਅਤੇ ਅੱਗੇ ਲੰਘਣ ਲਈ ਰਸਤਾ ਮੰਗਿਆ ਤਾਂ ਟ੍ਰੈਕਟਰ ਚਲਾ ਰਹੇ ਨੌਜਵਾਨਾਂ ਨੇ ਥੋੜ੍ਹਾ ਅੱਗੇ ਖਾਲੀ ਜਗ੍ਹਾ 'ਤੇ ਉਨਾਂ ਨੂੰ ਅੱਗੇ ਲੰਘਣ ਲਈ ਰਸਤਾ ਦਿੱਤਾ ਤਾਂ ਕਾਰ ਤੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਟ੍ਰੈਕਟਰ ਚਾਲਕਾਂ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਜਿਸ 'ਚ ਰਾਜਵਿੰਦਰ ਸਿੰਘ ਰਾਜੂ ਦੇ ਸਿਰ 'ਤੇ ਸੱਟ ਲੰਗੀ ਅਤੇ ਉਸ ਨੂੰ ਤਰੁੰਤ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੰਥੇ ਉਹ ਜੇਰੇ ਇਲਾਜ ਹੈ, ਜਦਕਿ ਇਸ ਲੜਾਈ 'ਚ ਇੱਕ ਹੋਰ ਨੌਜਵਾਨ ਦੇ ਵੀ ਅੰਦਰੂਨੀ ਸੱਟਾਂ ਲੱਗੀਆਂ। ਦੂਜੇ ਪਾਸੇ ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਹਮਲਾ ਕਰਨ ਵਾਲੇ ਨੌਜਵਾਨਾਂ 'ਚੋਂ ਚਾਰ ਨੌਜਵਾਨਾਂ ਨੂੰ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ, ਬਾਕੀ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ। ਇਸ ਮੌਕੇ ਇੱਕਤਰ ਹੋਏ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਪੁਰਜੋਰ ਮੰਗ ਕੀਤੀ ਕਿ ਇਨ੍ਹਾਂ ਹਮਲਾ ਕਰਨ ਵਾਲੇ ਬਾਕੀ ਨੌਜਵਾਨਾਂ ਨੂੰ ਵੀ ਜਲਦੀ ਤੋ ਜਲਦੀ ਫੜ੍ਹ ਕੇ ਇਨ੍ਹਾਂ ਖਿਲਾਫ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਕੀ ਕਹਿਣਾ ਪੁਲਿਸ ਅਧਿਕਾਰੀ ਦਾ

ਜਦ ਇਸ ਸਬੰਧੀ ਥਾਣਾ ਕੋਟਭਾਈ ਦੇ ਐਸਐਚਓ ਅੰਗਰੇਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਾਜਵਿੰਦਰ ਸਿੰਘ ਰਾਜੂ ਦੇ ਬਿਆਨਾਂ 'ਤੇ ਹਮਲਾ ਕਰਨ ਵਾਲੇ ਕਾਰ ਤੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ਼ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।