ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਨੌਜਵਾਨ ਭਾਰਤ ਸਭਾ ਦੀ ਜੋਨ ਪੱਧਰੀ ਮੀਟਿੰਗ ਮੁਕਤਸਰ ਵਿਖੇ ਸੂਬਾ ਪ੍ਰਧਾਨ ਰੁਪਿੰਦਰ ਚੌਦਾ ਦੀ ਅਗਵਾਈ ਹੇਠ ਹੋਈ। ਮੀਟਿੰਗ 'ਚ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਗਮ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ 'ਚ ਫਰੀਦਕੋਟ, ਫਿਰੋਜਪੁਰ, ਫਾਜਿਲਕਾ ਅਤੇ ਮੁਕਤਸਰ ਤੋਂ ਆਗੂਆਂ ਨੇ ਹਿੱਸਾ ਲਿਆ। ਪਿੰਡਾਂ/ਸ਼ਹਿਰਾਂ 'ਚ ਰੈਲੀਆਂ, ਮੀਟਿੰਗਾਂ, ਕੰਧ ਨਾਅਰੇ, ਲੀਫਲੈਟ ਪੋਸਟਰ ਰਾਹੀਂ ਪ੍ਰਚਾਰ ਮੁਹਿੰਮ ਚਲਾ ਕੇ ਸ਼ਹੀਦੀ ਦਿਹਾੜੇ ਵਾਲੇ ਦਿਨ ਸੈਂਕੜੇ ਨੌਜਵਾਨਾਂ ਦੇ ਸਮਾਗਮ 'ਚ ਪਹੁੰਚਣ ਦਾ ਐਲਾਨ ਕੀਤਾ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਮੰਗਾ ਆਜ਼ਾਦ, ਸੂਬਾ ਆਗੂ ਨੌਨਿਹਾਲ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਸਾਡੇ ਨਾਇਕ ਨੇ ਜਿਨ੍ਹਾਂ ਨੇ ਆਜਾਦੀ ਦੀ ਲੜਾਈ 'ਚ ਲੋਕਾਂ ਲਈ ਵੱਡੀ ਕੁਰਬਾਨੀ ਦਿੱਤੀ। ਊਧਮ ਸਿੰਘ ਗਦਰ ਪਾਰਟੀ ਦੇ ਆਗੂ ਸਨ ਜੋ ਕਿ ਅੰਗਰੇਜ਼ੀ ਹਕੂਮਤ ਖਿਲਾਫ ਚਲਦੀ ਕੌਮੀ ਮੁਕਤੀ ਲੜਾਈ 'ਚ ਮੋਹਰੀ ਰੋਲ ਨਿਭਾ ਰਹੀ ਸੀ। ਆਗੂਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਹੋਰਾ ਦੇ ਸੁਪਨੇ ਹਾਲੇ ਵੀ ਅਧੂਰੇ ਨੇ, ਅੱਜ ਵੀ ਅਮੀਰ ਗਰੀਬ ਦਾ ਪਾੜਾ ਦਿਨੋ ਦਿਨ ਵਧ ਰਿਹਾ ਹੈ। ਸਾਮਰਾਜੀ ਲੁਟੇਰੇ ਮੁਲਕ ਅੱਜ ਵੀ ਉਸ ਤਰਾਂ ਲੁੱਟ ਰਹੇ ਨੇ ਫਰਕ ਐਨਾ ਹੈ ਕਿ ਲੁੱਟਣ ਵਾਲੇ ਪਰਦੇ ਪਿੱਛੇ ਹੋ ਗਏ ਨੇ ਤੇ ਆਪਣੇ ਵਫਾਦਾਰ ਲੀਡਰਾਂ ਨੂੰ ਸਤਾ ਸੰਭਾਲ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਦੀ ਆੜ ਹੇਠ ਲੋਕ ਵਿਰੋਧੀ ਫੈਸਲੇ ਲਾਗੂ ਕਰ ਰਹੀ ਹੈ, ਕਿਸਾਨੀ ਖਿਲਾਫ ਘਾਤਕ ਆਰਡੀਨੈਸ ਪਾਸ ਕੀਤੇ ਗਏ ਨੇ ਜਿਸ ਨਾਲ ਛੋਟੀ ਕਿਸਾਨੀ ਹੋਰ ਤਬਾਹੀ ਵਾਲੇ ਪਾਸੇ ਜਾਵੇਗੀ। ਨੌਜਵਾਨ ਭਾਰਤ ਸਭਾ ਦੇ ਜੋਨਲ ਆਗੂ ਲਖਵੰਤ ਕਿਰਤੀ, ਸੁਖਚੈਨ ਝੋਕ ਅਤੇ ਜਸਵੰਤ ਜਵਾਏ ਸਿੰਘ ਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਆਪਣਾ ਫਾਸ਼ੀਵਾਦੀ ਏਜੰਡਾ ਲਾਗੂ ਕਰ ਰਹੀ ਹੈ। ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਜਮੂਹਰੀ ਹੱਕਾਂ ਦੇ ਕਾਰਕੁੰਨਾ ਤੇ ਝੂਠੇ ਪਰਚੇ ਦਰਜ ਕਰਕੇ ਜੇਲਾਂ 'ਚ ਸੁੱਟਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੱਤੇਵਾਲਾ ਜੰਗਲ ਨੂੰ ਉਜਾੜ ਕੇ ਜੋ ਕਿ ਸੈਂਕੜੇ ਸਾਲਾਂ ਤੋਂ ਜੰਗਲੀ ਜਾਨਵਰਾਂ ਦੀ ਰਹਿਣ ਯੋਗ ਥਾਂ ਉਦਯੋਗਿਕ ਪਾਰਕ ਬਨਾਉਣ ਜਾ ਰਹੀ ਹੈ ਜਿਸਦਾ ਜਥੇਬੰਦੀ ਵਿਰੋਧ ਕਰਦੀ ਹੈ। ਇਸ ਮੌਕੇ ਜ਼ਿਲ੍ਹਾ ਮੁਕਤਸਰ ਦੇ ਸਕੱਤਰ ਜਗਜੀਤ ਨਾਬਰ, ਹਰਜਿੰਦਰ ਬਾਗੀ, ਮਹਾਸ਼ਾ ਸਮਾਘ, ਲਖਵੀਰ ਬੀਹਲੇਵਾਲਾ, ਕੁਲਵੰਤ ਸਿੰਘ, ਜਸਵਿੰਦਰ ਜਵਾਏਵਾਲਾ, ਪ੍ਰਤਾਪ ਸਿੰਘ, ਗੁਰਦੇਵ ਫਾਜਲਿਕਾ, ਪ੍ਰਦੀਪ ਕੌਰ, ਗੁਰਤੇਜ ਵੜਿੰਗ, ਮਨੀ ਸਰਾਏਨਾਗਾ ਆਦਿ ਆਗੂ ਹਾਜ਼ਰ ਸਨ।