ਜਗਸੀਰ ਛੱਤਿਆਣਾ/ਦਵਿੰਦਰ ਬਾਘਲਾ, ਦੋਦਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਇਤਿਹਾਸਕ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਛੱਤਿਆਣਾ ਵਿਖੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ ਦੀ ਪ੍ਰਧਾਨਗੀ 'ਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕਿਸਾਨ ਵਿਰੋਧੀ ਤਿੰਨ ਆਰਡੀਨੈਸਾਂ ਨੂੰ ਰੱਦ ਕਰਵਾਉਣ ਲਈ 20 ਜੁਲਾਈ ਤੋਂਂ 26 ਜੁਲਾਈ ਤੱਕ ਪਿੰਡਾਂ 'ਚ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਅਤੇ 27 ਜੁਲਾਈ ਨੂੰ ਅਕਾਲੀ-ਭਾਜਪਾ ਦੇ ਕੇਂਦਰੀ ਮੰਤਰੀਆਂ ਤੇ ਹਲਕਾ ਇੰਚਾਰਜਾਂ ਦੇ ਘਰਾਂ ਵੱਲ ਰੋਸ ਮਾਰਚ ਕਰਨ ਦਾ ਪ੍ਰਰੋਗਰਾਮ ਉਲੀਕਿਆ ਗਿਆ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਜਦ ਤੋਂ ਦੇਸ਼ 'ਚ ਕੋਰੋਨਾ ਵਾਇਰਸ ਫੈਲਿਆ ਹੈ, ਮੋਦੀ ਸਰਕਾਰ ਨੇ ਇਸ ਲਈ ਪੁਖ਼ਤਾ ਪ੍ਰਬੰਧ ਕਰਨ ਦੀ ਬਜਾਏ ਲਾਕਡਾਊਨ ਦਾ ਐਲਾਨ ਕਰਕੇ ਦੇਸ਼ ਵਿਰੋਧੀ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲਾਕਡਾਊਨ ਦੀ ਬਜਾਏ ਪ੍ਰਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ 'ਚ ਲੈਣਾ ਚਾਹੀਦਾ ਸੀ ਤੇ ਪ੍ਰਬੰਧ ਕਰਕੇ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਸੀ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ ਤੇ ਨੌਜਵਾਨ ਆਗੂ ਸੁੱਚਾ ਸਿੰਘ ਨੇ ਕਿਹਾ ਕਿ ਇਸ ਸੰਕਟਮਈ ਹਾਲਤ 'ਚ ਲੋਕਾਂ ਦਾ ਲਹੂ ਨਿਚੋੜਣ ਲਈ ਮੋਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਲਈ ਤੇਲ ਕੰਪਨੀਆਂ ਨੂੰ ਖੱਲ੍ਹੀ ਛੂਟ ਦੇ ਕੇ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹਾ ਦਿੱਤੀਆਂ। ਉਨ੍ਹਾਂ ਕਿਹਾ ਕਿ ਕੇਂਦਰ ਬਿਜਲੀ ਸੋਧ ਬਿੱਲ ਲਿਆ ਕੇ ਕਿਸਾਨਾਂ, ਗਰੀਬਾਂ ਤੇ ਮਜ਼ਦੂਰਾਂ ਨੂੰ ਮਿਲ ਰਹੀ ਸਬਸਿਡੀ ਖੋਹਣ ਜਾ ਰਹੀ ਹੈ, ਪੂਰਾ ਢਾਂਚਾ ਨਿੱਜੀ ਕੰਪਨੀਆਂ ਨੂੰ ਵੇਚ ਕੇ ਮੋਟੇ ਬਿਜਲੀ ਬਿੱਲ ਵਸੂਲੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੇ ਕਿਸਾਨ, ਮਜ਼ਦੂਰ ਮਾਰੂ ਫੈਸਲਿਆਂ ਦੇ ਵਿਰੋਧ ਵਿੱਚ 13 ਕਿਸਾਨ ਯੂਨੀਅਨਾਂ ਵਲੋਂ ਅਰਥੀ ਫੂਕ ਮੁਜ਼ਾਹਰੇ ਤੇ 27 ਤਰੀਕ ਨੂੰ ਟਰੈਕਟਰ ਟਰਾਲੀਆਂ ਰਾਹੀਂ ਰੋਸ ਮਾਰਚ ਕਰਨ ਦਾ ਪ੍ਰਰੋਗਰਾਮ ਹੈ। ਉਨ੍ਹਾ ਦੱਸਿਆ ਕਿ ਪਿੰਡ ਰੁਖਾਲਾ ਦੇ ਕਿਸਾਨ ਦੀ ਵੱਢੀ ਪਈ ਕਣਕ ਨੂੰ ਅੱਗ ਲਾਉਣ ਦੇ ਦੋਸ਼ੀਆਂ ਵਿਰੱੁਧ ਕਾਰਵਾਈ ਲਈ ਕਿਸਾਨ ਯੂਨੀਅਨ 30 ਜੁਲਾਈ ਨੂੰ ਥਾਣਾ ਕੋਟਭਾਈ ਅੱਗੇ ਧਰਨਾ ਦੇਵੇਗੀ। ਇਸ ਮੌਕੇ ਹਰਪਾਲ ਸਿੰਘ ਧੂਲਕੋਟ, ਗੁਰਦੀਪ ਸਿੰਘ, ਜਸਪਾਲ ਸਿੰਘ ਕੋਟਲੀ, ਬਿੱਕਰ ਸਿੰਘ, ਸੁਖਦੇਵ ਸਿੰਘ ਭਲਾਈਆਣਾ, ਮਲਕੀਤ ਸਿੰਘ ਦੋਦਾ, ਸਾਧੂ ਸਿੰਘ ਛੱਤਿਆਣਾ, ਜਗਰਾਜ ਸਿੰਘ ਸੁਖਨਾ ਅਬਲੂ, ਵਕੀਲ ਸਿੰਘ, ਨੈਬ ਸਿੰਘ ਰੁਖਾਲਾ, ਜਸਵੰਤ ਸਿੰਘ ਕੋਟਭਾਈ, ਗੁਰਨਾਮ ਸਿੰਘ ਮਧੀਰ, ਨਛੱਤਰ ਸਿੰਘ, ਡੀਸੀ ਸਿੰਘ ਸਾਹਿਬਚੰਦ, ਤੇਜ ਸਿੰਘ, ਜਸਵਿੰਦਰ ਸਿੰਘ, ਹਰਤੇਜ ਸਿੰਘ ਚੋਟੀਆਂ ਅਤੇ ਬੇਅੰਤ ਸਿੰਘ ਗਿਲਜੇਵਾਲਾ ਵੀ ਹਾਜ਼ਰ ਸਨ।