ਜਗਸੀਰ ਛੱਤਿਆਣਾ, ਗਿੱਦੜਬਾਹਾ : ਕੋਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਐਮਕੇ ਅਰਾਵਿੰਦ ਕੁਮਾਰ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਵੱਲੋਂ ਹੁਕਮ ਜਾਰੀ ਕੀਤੇ ਹੋਏ ਹਨ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਓਮ ਪ੍ਰਕਾਸ਼ ਐਸਡੀਐਮ ਗਿੱਦੜਬਾਹਾ ਦੇ ਨਿਰਦੇਸ਼ਾਂ ਤਹਿਤ ਥਾਣਾ ਗਿੱਦੜਬਾਹਾ ਦੇ ਇੰਚਾਰਜ਼ ਵੱਲੋਂ ਪਿੰਡ ਘੱਗਾ ਦੇ ਤਿੰਨ, ਇੱਕ ਤਰਖਾਣਵਾਲਾ ਅਤੇ ਤਿੰਨ ਚੰਦ ਭਾਨ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਿਤ ਕੁਲ ਸੱਤ ਵਿਅਕਤੀਆਂ ਖਿਲਾਫ ਅਧੀਨ ਧਾਰਾ 188 ਅਤੇ 269 ਤਹਿਤ ਕਬੂਤਰਬਾਜ਼ੀ ਉਡਾਣ ਦੇ ਸਬੰਧ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਓਮ ਪ੍ਰਕਾਸ਼ ਐਸਡੀਐਮ ਨੇ ਦੱਸਿਆਂ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਘੱਗਾ ਵਿਖੇ ਕੁਝ ਵਿਅਕਤੀ ਕਬੂਤਰਬਾਜੀ ਉਡਾਣ ਸਬੰਧੀ ਇਕੱਠੇ ਹੋਏ ਹਨ, ਅਜਿਹੇ ਇਕੱਠ ਨੂੰ ਰੋਕਣਾ ਉਨ੍ਹਾਂ ਦੀ ਅਹਿਮ ਜੁੰਮੇਵਾਰੀ ਸੀ ਜਿਸ ਤਹਿਤ ਮੁਲਜ਼ਮਾਂ ਦੇ ਵਿਰੁੱਧ ਕਾਰਵਾਈ ਕਰਨੀ ਬਹੁਤ ਜਰੂਰੀ ਸੀ ਤਾਂ ਜੋ ਇਲਾਕੇ ਵਿੱਚ ਕੋਰੋਨਾ ਵਾਇਰਸ ਨਾ ਫੈਲੇ।

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਨਿਯਮਾਂ ਦੇ ਵਿਰੁੱਧ ਗਤੀਵਿਧੀ ਕਰਦਾ ਪਾਇਆ ਜਾਵੇਗਾ ਤਾਂ ਉਸਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਵਿਰੁੱਧ ਨਿਯਮਾਂ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਉਹ ਇਕੱਠ ਨਾ ਕਰਨ, ਸਮਾਜਿਕ ਦੂਰੀ ਬਣਾ ਕੇ ਰੱਖਣ, ਵਾਰ ਵਾਰ ਸਾਬਣ ਨਾਲ ਹੱਥ ਸਾਫ ਕਰਨ, ਸੈਨੀਟਾਈਜ਼ਰ ਦੀ ਵਰਤੋ ਕਰਨ, ਮਾਸਕ ਲਗਾ ਕੇ ਰੱਖਣ ਤਾਂ ਜੋ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।