ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ 'ਚ ਕਾਰਵਾਈ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਸ੍ਰੀ ਮੁਕਤਸਰ ਸਾਹਿਬ ਅਤੇ ਕਪਤਾਨ ਪੁਲਿਸ ਗੁਰਮੇਲ ਸਿੰਘ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਪਿੱਛਲੇ 10 ਦਿਨ ਤੋਂ ਉੱਪ ਕਪਤਾਨ ਪੁਲਿਸ (ਸ.ਡ.) ਹਰਵਿੰਦਰ ਸਿੰਘ ਚੀਮਾ ਸ੍ਰੀ ਮੁਕਤਸਰ ਸਾਹਿਬ ਦੀ ਸੁਪਰਵਿਜ਼ਨ ਹੇਠ ਸਬ ਡਵੀਜਨ ਸ੍ਰੀ ਮੁਕਤਸਰ ਸਾਹਿਬ ਦੇ ਤਿੰਨਾਂ ਥਾਣਿਆਂ ਦੇ ਮੁਖੀਆਂ ਇੰਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਸ.ਮ.ਸ, ਐਸਆਈ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਸ.ਮ.ਸ ਅਤੇ ਐਸਆਈ ਜਗਦੀਪ ਸਿੰਘ ਮੁੱਖ ਅਫਸਰ ਥਾਣਾ ਬਰੀਵਾਲਾ ਵੱਲੋਂ ਵੱਖ-ਵੱਖ ਮਾਮਿਲਆਂ 'ਚ ਸਫ਼ਲਤਾ ਪੂਰਵਕ ਕੰਮ ਕੀਤਾ ਹੈ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਅਤੇ ਸਨੈਂਚਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮੁਲਜ਼ਮ ਸ਼ਿਵਾ ਵਾਸੀ ਆਦਰਸ਼ ਨਗਰ ਮੇਨ ਗਲੀ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਦੇ 2 ਮੋਟਰਸਾਈਕਲ ਅਤੇ 5 ਮੋਬਾਈਲ ਬਰਾਮਦ ਕੀਤੇ ਗਏ ਅਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਪਾਸੋਂ 01 ਮੋਟਰਸਾਈਕਲ, ਚਾਂਦੀ ਦੀਆਂ 2 ਚੂੜੀਆਂ, 01 ਮੋਬਾਈਲ ਫੋਨ, 1300 ਰੁਪਏ ਕਰੰਸੀ ਨੋਟ ਆਦਿ ਬਰਾਮਦ ਕੀਤੇ ਗਏ। ਉਪਰੋਕਤ ਦੋਵਾਂ ਮੁਕੱਦਮਿਆਂ 'ਚ ਮੁਲਜ਼ਮਾਂ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਸਿਟੀ ਸ.ਮ.ਸ ਦੀ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਮੁਲਜ਼ਮਾਂ ਮਾਨਵੀ ਉਰਫ ਮਾਲਤੀ ਤੇ ਆਸ਼ੂ ਵਾਸੀਆਨ ਅਦਾਰਸ਼ ਨਗਰ ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਦੋ ਨਾਮਲੂਮ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਪਾਸੋਂ 43 ਕਿੱਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਇਸੇ ਪ੍ਰਕਾਰ ਹੀ ਮੁਲਜ਼ਮ ਵਕੀਲ ਸਿੰਘ ਵਾਸੀ ਹਰੀਕੇ ਕਲਾਂ ਖ਼ਿਲਾਫ਼ ਥਾਣਾ ਬਰੀਵਾਲਾ 'ਚ ਮਾਮਲਾ ਦਰਜ ਕਰਕੇ 80 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਸ਼ਰਾਬ ਦਾ ਧੰਦਾ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਦੇ ਹੋਏ ਸਰਬਜੀਤ ਕੌਰ ਤੇ ਅਜੈ ਕੁਮਾਰ ਵਾਸੀਆਨ ਆਦਰਸ਼ ਨਗਰ ਸ੍ਰੀ ਮੁਕਤਸਰ ਸਾਹਿਬ ਪਾਸੋਂ 01 ਚਾਲੂ ਭੱਠੀ ਅਤੇ 30 ਲੀਟਰ ਲਾਹਣ ਬਰਾਮਦ ਕਰਵਾਈ ਗਈ। ਇਸਤੋਂ ਬਿਨਾ ਮੁੱਖ ਅਫਸਰਾਨ ਥਾਣਾ ਸਿਟੀ ਸ.ਮ.ਸ, ਥਾਣਾ ਸਦਰ ਸ.ਮ.ਸ ਅਤੇ ਥਾਣਾ ਬਰੀਵਾਲਾ ਵੱਲੋਂ ਵੱਖ-ਵੱਖ ਮੁਕੱਦਮਿਆ 'ਚ 69 ਬੋਤਲਾਂ ਨਾਜਾਇਜ ਸ਼ਰਾਬ, 373 ਬੋਤਲਾਂ ਸ਼ਰਾਬ ਠੇਕਾ ਦੇਸੀ, 520 ਲੀਟਰ ਲਾਹਣ ਅਤੇ 30 ਪੇਟੀਆ ਬੀਅਰ ਬਰਾਮਦ ਕਰਕੇ ਮੁਲਜ਼ਮਾਂ ਖਿਲਾਫ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ। ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੇ ਏਰੀਆ 'ਚ ਕੋਵਿਡ-19 ਦੀ ਭਿਆਨਕ ਬਿਮਾਰੀ ਦੇ ਚੱਲਦੇ ਮਾਨਯੋਗ ਜਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਮਿਤੀ 26/06/2020 ਤੋਂ ਬਾਅਦ 36 ਮੁਕੱਦਮੇ ਦਰਜ ਕੀਤੇ ਗਏ, ਮਾਸਕ ਨਾ ਪਹਿਨਣ ਵਾਲੇ ਅਤੇ ਜਨਤਕ ਥਾਵਾ ਪਰ ਥੁੱਕਣ ਵਾਲੇ ਵਿਅਕਤੀਆਂ ਦੇ 845 ਚਲਾਨ ਕੀਤੇ ਗਏ ਹਨ।