ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ :

ਆਮ ਆਦਮੀ ਪਾਰਟੀ ਐੱਸਸੀ ਵਿੰਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਧਾਨ ਸਤਪਾਲ ਸਿੰਘ ਫਤੂਹੀਖੇੜਾ ਦੀ ਅਗਵਾਈ ਹੇਠ ਬਗੈਰ ਕਿਸੇ ਮਾਪਦੰਡ ਦੇ ਪੂਰੇ ਪੰਜਾਬ ਦੇ ਲੱਖਾਂ ਲਾਭਪਾਤਰੀਆਂ ਦੇ ਕੱਟੇ ਗਏ ਰਾਸ਼ਨ ਕਾਰਡ ਅਤੇ ਚੱਲ ਰਹੀ ਕੋਰੋਨਾ ਮਹਾਂਮਾਰੀ ਦੌਰਾਨ ਕੀਤੀ ਗਈ ਕਾਣੀ ਰਾਸ਼ਨ ਵੰਡ ਸੰਬੰਧੀ ਸਥਾਨਕ ਮੀਨਾਰ ਏ ਮੁਕਤਾ ਪਾਰਕ ਵਿਖੇ ਇਕੱਠੇ ਹੋਕੇ ਰੋਸ ਮਾਰਚ ਕਰਦਿਆਂ ਡੀਸੀ ਦਫ਼ਤਰ ਮੂਹਰੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ, ਹਲਕਾ ਪ੍ਰਧਾਨ ਜਗਦੀਪ ਸਿੰਘ 'ਕਾਕਾ ਬਰਾੜ, ਹਲਕਾ ਪ੍ਰਧਾਨ ਮਲੋਟ ਜਸ਼ਨ ਬਰਾੜ ਲੱਖੇਵਾਲੀ, ਹਲਕਾ ਪ੍ਰਧਾਨ ਗਿੱਦੜਬਾਹਾ ਇਕਬਾਲ ਸਿੰਘ ਖਿੜਕੀਆਂਵਾਲਾ, ਲੰਬੀ ਹਲਕਾ ਪ੍ਰਧਾਨ ਕਾਰਜ ਸਿੰਘ ਮਿੱਢਾ ਆਦਿ ਹਾਜ਼ਰ ਸਨ। ਪ੍ਰਦਰਸ਼ਨ ਦੌਰਾਨ ਸੂਬਾ ਸਰਕਾਰ ਦੇ ਨਾਮ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੀਤੀ ਗਈ ਕਾਣੀ ਰਾਸ਼ਨ ਵੰਡ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਘੜੀ 'ਚ ਸਰਕਾਰ ਨੂੰ ਹਰ ਲੋੜਵੰਦ ਗਰੀਬ ਅਤੇ ਯੋਗ ਦਲਿਤ ਪਰਿਵਾਰ ਦੀ ਮੱਦਦ ਕਰਨੀ ਚਾਹੀਦੀ ਸੀ ਅਤੇ ਉਨ੍ਹਾਂ ਨੂੰ ਜਰੂਰਤ ਅਨੁਸਾਰ ਰਾਸ਼ਨ ਦੀ ਹੋਮ ਡਿਲੀਵਰੀ ਕਰਨੀ ਚਾਹੀਦੀ ਸੀ ਪਰ ਅਜਿਹਾ ਨਾ ਕਰਕੇ ਸਰਕਾਰ ਨੇ ਸਾਰੀਆਂ ਕਲਿਆਣਕਾਰੀ ਯੋਜਨਾਵਾਂ ਦਾ ਕਾਂਗਰਸੀਕਰਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗਰੀਬਾਂ ਅਤੇ ਜਰੂਰਤਮੰਦਾਂ ਦੀ ਅਜਿਹੇ ਚੁਣੌਤੀ ਭਰੇ ਹਲਾਤਾਂ 'ਚ ਕਿਸ ਤਰ੍ਹਾਂ ਮਦਦ ਕਰਨੀ ਚਾਹੀਦੀ ਹੈ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਤੋਂ ਸਿੱਖਣ ਦੀ ਲੋੜ ਹੈ। ਦਿੱਲੀ 'ਚ ਬਿਨ੍ਹਾਂ ਰਾਸ਼ਨ ਕਾਰਡ ਵਾਲੇ ਵੀ ਲੱਖਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਜਰੂਰੀ ਵਸਤਾਂ ਮੁਹੱਈਆਂ ਕੀਤੀਆਂ ਗਈਆਂ ਹਨ ਪਰ ਪੰਜਾਬ 'ਚ ਜੋ ਲੋੜਵੰਦ ਪਹਿਲਾ ਰਾਸ਼ਨ ਲੈ ਰਹੇ ਸਨ ਉਨ੍ਹਾਂ ਦੇ ਵੀ ਰਾਸ਼ਨ ਕਾਰਡ ਕੱਟ ਕੇ ਸੂਬਾ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਗਰੀਬ ਅਤੇ ਦਲਿਤ ਵਿਰੋਧੀ ਹੈ। ਆਗੂਆਂ ਨੇ ਕਿਹਾ ਕਿ ਸਾਢੇ ਤਿੰਨ ਸਾਲ ਲੰਘ ਚੁੱਕੇ ਹਨ ਪ੍ਰੰਤੂ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਨਿਭਾਉਣ ਵੱਲ ਕੋਈ ਕਦਮ ਨਹੀਂ ਚੁੱਕਿਆ, ਬਜ਼ੁਰਗ, ਵਿਧਵਾਵਾਂ ਅਤੇ ਅਪਾਹਜ਼ ਲੋਕ ਵਾਅਦੇ ਅਨੁਸਾਰ 2500 ਰੁਪਏ ਪੈਨਸ਼ਨ ਅਤੇ ਯੋਗ ਦਲਿਤ ਪਰਿਵਾਰ 5-5 ਮਰਲਿਆਂ ਦੇ ਪਲਾਂਟਾ ਨੂੰ ਤਰਸ ਰਹੇ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਸਰਕਾਰ ਬਿਨ੍ਹਾਂ ਕਿਸੇ ਪੱਖਪਾਤ ਰਾਸ਼ਨ ਵੰਡਣ 'ਚ ਅਸਫਲ ਰਹਿੰਦੀ ਹੈ ਅਤੇ ਆਪਣੇ ਆਪਣੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਆਮ ਆਦਮੀ ਪਾਰਟੀ ਐੱਸਸੀ ਵਿੰਗ ਪੂਰੇ ਪੰਜਾਬ 'ਚ ਸਰਕਾਰ ਖਿਲਾਫ ਸੂਬਾ ਪੱਧਰੀ ਮੋਰਚਾ ਖੋਲ੍ਹੇਗਾ। ਇਸ ਮੌਕੇ ਜਸਵਿੰਦਰ ਸਿੰਘ ਬਰਾੜ, ਸਤਪਾਲ ਸਿੰਘ ਲੰਬੀ, ਇੰਦਰਜੀਤ ਸਿੰਘ ਮੈਂਬਰ ਪੰਚਾਇਤ, ਕੁਲਵੰਤ ਸਿੰਘ, ਮਨਵੀਰ ਖੁੱਡੀਆ, ਗੁਰਮੀਤ ਰਾੜੀਆ, ਕੁਲਵਿੰਦਰ ਸਿੰਘ ਮਨੀਆਂਵਾਲਾ, ਗੁਰਵਿੰਦਰ ਸਿੰਘ, ਚੌਧਰੀ ਕ੍ਰਿਸ਼ਨ ਲਾਲ, ਅਮਰਧੀਰ ਸਿੰਘ ਮਾਨ, ਗੁਰਨਿੰਦਰ ਸਿੰਘ ਗਾਂਧੀ, ਅਮਰ ਸਿੰਘ, ਜਸਪਾਲ ਸਿੰਘ ਕਾਲੀ, ਗੁਰਜਿੰਦਰ ਸਿੰਘ ਸਮਰਾ, ਪਰਮਜੀਤ ਸਿੰਘ, ਰਮੇਸ਼ ਅਰਨੀਵਾਲਾ, ਗਗਨਦੀਪ ਸਿੰਘ, ਗੁਰਮੀਤ ਸਿੰਘ ਭੁੱਟੀਵਾਲਾ, ਹਰਮੇਲ ਸਿੰਘ ਕੋਟਲੀ, ਡਾ. ਗੁਰਮੀਤ ਸਮਾਘ ਆਦਿ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।