ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ

ਕੋਰੋਨਾ ਵਾਇਰਸ ਦੇ ਦਿਨ ਬਦਿਨ ਵਧ ਰਹੇ ਕੇਸ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਵਧ ਕੇਸਾਂ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਵੀਰਵਾਰ ਨੂੰ ਕੋਰੋਨਾ ਦੇ 6 ਨਵੇਂ ਕੇਸ ਪਾਜੇਟਿਵ ਪਾਏ ਗਏ ਹਨ। ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਚਾਰ ਮਰੀਜ਼ ਮੁਕਤਸਰ, ਇਕ ਗਿੱਦੜਬਾਹਾ ਅਤੇ ਇਕ ਮਹਿਰਾਜ ਵਾਲਾ ਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ 144 ਸੈਂਪਲਾਂ ਦੀ ਨੇੈਗੇਟਿਵ ਰਿਪੋਰਟ ਆਈ ਹੈ। ਜ਼ਿਲ੍ਹੇ 9285 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਿਸ 'ਚੋਂ 8543 ਦੀ ਰਿਪੋਰਟ ਨੈਗੇਟਿਵ ਅਤੇ 133 ਮਰੀਜ਼ ਪਾਜ਼ੇਟਿਵ ਹਨ, ਜਿਨ੍ਹਾਂ ਵਿੱਚੋਂ 123 ਕੇਸ ਠੀਕ ਹੋ ਕੇ ਘਰ ਚਲੇ ਗਏ ਹਨ ਅਤੇ 10 ਕੇਸ ਐਕਟਿਵ ਹਨ ਅਤੇ 609 ਕੇਸਾਂ ਦੀ ਰਿਪੋਰਟ ਬਾਕੀ ਹੈ। ਅੱਜ ਕੋਵਿਡ-19 ਸਬੰਧੀ 237 ਸੈਂਪਲ ਲਏ ਗਏ ਹਨ। ਅੱਜ 9 ਮਰੀਜ਼ ਜ਼ਿਲ੍ਹਾ ਕੋਵਿਡ ਕੇਅਰ ਸੈਂਟਰ ਥੇਹੜੀ ਅਤੇ ਇੱਕ ਮਰੀਜ਼ ਜ਼ਿਲ੍ਹਾ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਤੋਂ ਠੀਕ ਹੋ ਕੇ ਘਰ ਗਏ। ਜਿਲ੍ਹੇ ਦੇ ਫਲੂ ਕਾਰਨਰਾ ਵਿਚ ਕੋਵਿਡ ਜਾਂਚ ਲਈ ਲਏ ਸੈਂਪਲਾਂ ਵਿੱਚੋਂ ਅੱਜ 144 ਸੈਂਪਲਾ ਦੀ ਰਿਪੋਰਟ ਕੋਵਿਡ ਨੇਗੈਟਿਵ ਆਈ ਹੈ। ਜ਼ਿਲ੍ਹੇ ਭਰ 'ਚੋਂ ਹੁਣ ਤੱਕ 123 ਮਰੀਜ਼ਾਂ ਨੂੰ ਠੀਕ ਕਰਕੇ ਘਰ ਭੇਜ ਦਿੱਤਾ ਗਿਆ ਹੈ।

ਕੋਰੋਨਾ ਪਾਜ਼ੇਟਿਵ ਅੌਰਤ ਦਾ ਕਰਵਾਇਆ ਜਣੇਪਾ

ਕੋਰੋਨਾ ਪੀੜ੍ਹਤ ਅੌਰਤ ਦਾ ਸਰਕਾਰੀ ਹਸਪਤਾਲ 'ਚ ਡਾਕਟਰਾਂ ਵੱਲੋਂ ਜਣੇਪਾ ਕਰਵਾਇਆ ਗਿਆ। ਹਾਲਾਕਿ ਬੱਚਾ ਅਤੇ ਅੌਰਤ ਦੋਵੇਂ ਸੁਰੱਖਿਅਤ ਹਨ। ਸਿਹਤ ਵਿਭਾਗ ਵੱਲੋਂ ਗਰਭਵਤੀ ਅੌਰਤ ਦੇ ਸੈਂਪਲ ਪਹਿਲਾਂ ਲਏ ਗਏ ਸੀ। ਰਿਪੋਰਟ ਆਉਣ ਤੋਂ ਪਹਿਲਾਂ ਉਸਦਾ ਜਣੇਪਾ ਕਰਨਾ ਪਿਆ ਪਰ ਬਾਅਦ 'ਚ ਉਸਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ। ਸਿਵਲ ਸਰਜਨ ਡਾ. ਹਰੀ ਨਰਾਇਣ ਨੇ ਦੱਸਿਆ ਕਿ ਜਣੇਪਾ ਕਰਨ ਸਮੇਂ ਮੌਜੂਦ ਸਟਾਫ ਦੀ ਜਾਂਚ ਕੀਤੀ ਜਾ ਰਹੀ ਅਤੇ ਉਨ੍ਹਾਂ ਦੇ ਸੈਂਪਲ ਭੇਜ ਕੇ ਇਕਾਂਤਵਾਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੌਰਤ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ।