ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਪਿੰਡ ਬਲਮਗੜ੍ਹ ਦੇ ਮਜ਼ਦੂਰਾਂ ਨੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ 'ਚ ਰਾਸ਼ਨ ਕਾਰਡ ਕੱਟਣ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਉਨ੍ਹਾਂ ਫੂਡ ਸਪਲਾਈ ਅਧਿਕਾਰੀਆਂ ਅਤੇ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ ਤੇ ਜ਼ਿਲ੍ਹਾ ਕਮੇਟੀ ਮੈਂਬਰ ਰਾਣੀ ਕੌਰ ਬਲਮਗੜ੍ਹ ਨੇ ਕਿਹਾ ਕਿ ਪਿੰਡ ਬਲਮਗੜ੍ਹ ਦੇ ਗਰੀਬ ਪਰਿਵਾਰਾਂ ਦੇ 170 ਦੇ ਕਰੀਬ ਨੀਲੇ ਕਾਰਡ ਕੱਟ ਦਿੱਤੇ ਗਏ ਹਨ ਅਤੇ ਸਰਕਾਰ ਵੱਲੋਂ ਜੋ ਰਾਸ਼ਨ ਵੰਡਿਆ ਗਿਆ ਉਹ ਵੀ ਇਨ੍ਹਾਂ ਪਰਿਵਾਰਾਂ ਨੂੰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਆਟਾ, ਦਾਲ, ਖੰਡ ਤੇ ਹੋਰ ਸਮੱਗਰੀ ਦੀਆਂ ਕਿੱਟਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਇੱਥੇ ਕਿੱਟਾਂ ਵਾਲਾ ਰਾਸ਼ਨ ਵੀ ਨਹੀਂ ਦਿੱਤਾ ਗਿਆ। ਆਗੂਆਂ ਨੇ ਪਿੰਡ ਬਲਮਗੜ੍ਹ 'ਚ ਜਲਦ ਤੋਂ ਜਲਦ ਰਾਸ਼ਨ ਮੁਹੱਈਆ ਕਰਵਾਉਣ, ਕੱਟੇ ਕਾਰਡ ਬਹਾਲ ਕਰਨ, ਨਿੱਤ ਵਰਤੋਂ ਦੀਆਂ ਸਾਰੀਆਂ ਵਸਤਾਂ ਅੱਧੀ ਕੀਮਤ 'ਤੇ ਦਿੱਤੇ ਜਾਣ ਅਤੇ ਮਜ਼ਦੂਰਾਂ ਦੇ ਖਾਤਿਆਂ 'ਚ 10000 ਦੀ ਮੁਆਵਜ਼ਾ ਰਾਸ਼ੀ ਦਿੱਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਮਜ਼ਦੂਰ ਮੌਜੂਦ ਸਨ।