ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ :

ਵਾਟਰ ਸਪਲਾਈ ਸਕੀਮਾਂ ਦਾ ਪ੍ਰਰਾਜੈਕਟ ਸੇਮ ਪ੍ਰਭਾਵਿਤ ਇਲਾਕਿਆਂ ਦੇ ਬਲਾਕ ਮਲੋਟ, ਅਬੋਹਰ, ਲੰਬੀ ਤੇ ਮੁਕਤਸਰ ਦੇ ਇਲਾਕੇ 'ਚ ਵਲਡ ਬੈਂਕ ਪ੍ਰਰਾਜੈਕਟ ਅਧੀਨ ਕਰਵਾਏ ਕੰਮਾਂ ਦੀ ਕਰੋੜਾਂ ਰੁਪਏ ਦੀ ਰਾਸ਼ੀ ਨਾ ਮਿਲਣ ਕਾਰਨ ਠੇਕੇਦਾਰ ਬੇਹੱਦ ਪਰੇਸ਼ਾਨ ਹਨ। ਕੀਤੇ ਕੰਮਾਂ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਠੇਕੇਦਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਵਾਟਰ ਸਪਲਾਈ ਤੇ ਸੈਨੀਟੇਸ਼ਨ ਠੇਕੇਦਾਰ ਐਸੋਸੀਏਸ਼ਨ ਦੀ ਮੀਟਿੰਗ ਜਲੰਧਰ ਸਿੰਘ ਦੀ ਪ੍ਰਧਾਨਗੀ 'ਚ ਹੋਈ। ਮੀਟਿੰਗ ਦੌਰਾਨ ਬਠਿੰਡਾ, ਫਰੀਦਕੋਟ ਤੇ ਮੁਕਤਸਰ ਸਰਕਲ ਦੇ ਠੇਕੇਦਾਰਾਂ ਨੇ ਭਾਗ ਲਿਆ। ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਾਟਰ ਸਪਲਾਈ ਸਕੀਮਾਂ ਦਾ ਪ੍ਰਰੋਜੈਕਟ ਸੇਮ ਪ੍ਰਭਾਵਿਤ ਇਲਾਕਿਆਂ ਦੇ ਬਲਾਕ ਮਲੋਟ, ਅਬੋਹਰ, ਲੰਬੀ ਤੇ ਮੁਕਤਸਰ ਦੇ ਇਲਾਕੇ 'ਚ ਵਲਡ ਬੈਂਕ ਪ੍ਰਰਾਜੈਕਟ ਅਧੀਨ ਕੰਮ ਕਰਵਾਏ ਗਏ ਸਨ, ਜਿਸ ਨੂੰ ਕਾਫ਼ੀ ਲੰਮਾ ਸਮਾਂ ਬੀਤ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਕੀਤੇ ਗਏ ਕੰਮਾਂ ਦੇ ਸਬੰਧਿਤ ਬਿੱਲ ਸਬੰਧਿਤ ਡਵੀਜ਼ਨਾਂ ਦੇ ਕਾਰਜ਼ਕਾਰੀ ਇੰਜੀਨੀਅਰ ਵੱਲੋਂ ਦਫ਼ਤਰਾਂ ਨੂੰ ਤਿਆਰ ਕਰਕੇ ਭੇਜੇ ਜਾ ਚੁੱਕੇ ਹਨ ਅਤੇ ਉਨ੍ਹਾਂ ਦੀ ਕਰੋੜਾਂ ਰੁਪਏ ਦੀ ਅਦਾਇਗੀ ਬਾਕੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਹਿਕਮੇ ਦੇ ਅਧਿਕਾਰੀਆਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਮਹਿਕਮੇ ਵੱਲੋਂ ਉਨ੍ਹਾਂ ਦੀ ਰਹਿੰਦੀ ਅਦਾਇਗੀ ਕਰਨ ਦੀ ਬਜਾਏ ਇੱਕ ਕਥਿਤ ਮਿਲੀਭੁਗਤ ਚਾਲ ਨਾਲ ਚੈਕਿੰਗ ਕੀਤੀ ਗਈ ਤੇ ਠੀਕ ਕੰਮ ਨਾ ਹੋਣ ਦਾ ਇਤਰਾਜ ਲਗਾਕੇ ਰਿਕਵਰੀਆ ਪਾ ਦਿੱਤੀਆਂ, ਜਦੋਂ ਕਿ ਕਾਲਜ ਅਧੀਨ ਕੰਮਾਂ ਨੂੰ ਮੁਕੰਮਲ ਕਰਨ ਦਾ ਸਮਾਂ ਖ਼ਤਮ ਹੋ ਚੁੱਕਿਆ ਹੈ ਅਤੇ ਸਾਰੇ ਕੰਮ ਤਸੱਲੀਬਖਸ਼ ਪਾਏ ਜਾਣ ਤੇ ਮਹਿਕਮੇ ਵੱਲੋਂ ਬਿੱਲ ਬਣਾ ਕੇ ਅਦਾਇਗੀ ਲਈ ਭੇਜੇ ਜਾ ਚੁੱਕੇ ਹਨ। ਠੇਕੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣ ਬੁੱਝ ਕੇ ਖ਼ੱਜਲ ਖੁਆਰ ਕੀਤਾ ਜਾ ਰਿਹਾ ਹੈ। ਅਦਾਇਗੀ ਨਾ ਹੋਣ ਕਾਰਨ ਉਨ੍ਹਾਂ ਨੂੰ ਮਜ਼ਦੂਰਾਂ ਨੂੰ ਪੈਸੇ ਦੇਣੇ ਅੌਖੇ ਹੋ ਗਏ ਹਨ ਜਿਸ ਕਾਰਨ ਹੁਣ ਮਜ਼ਦੂਰ ਵਰਗ ਵੀ ਪੈਸੇ ਨਾ ਮਿਲਣ ਕਾਰਨ ਆਰਥਿਕ ਮਾਰ ਝੱਲ ਰਿਹਾ ਹੈ। ਠੇਕੇਦਾਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਰਹਿੰਦੇ ਬਕਾਇਆ ਦੀ ਅਦਾਇਗੀ ਕੀਤੀ ਜਾਵੇ। ਇਸ ਮੌਕੇ ਅਸ਼ੋਕ ਕੁਮਾਰ, ਹਰਜੀਤ ਸਿੰਘ ਕੋਹਲੀ, ਦਵਿੰਦਰਪਾਲ ਸਿੰਘ, ਦਲਜੀਤ ਸਿੰਘ, ਬਲਵੀਰ ਸਿੰਘ, ਗੁਰਨਾਮ ਸਿੰਘ ਆਦਿ ਤੋਂ ਇਲਾਵਾ ਹੋਰ ਹਾਜ਼ਰ ਸਨ।