ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ : 23 ਮਾਰਚ ਨੂੰ ਹੋਈ ਤਾਲਾਬੰਦੀ ਤੋਂ ਬਾਅਦ ਮੰਗਲਵਾਰ ਨੂੰ ਪਹਿਲੇ ਦਿਨ ਡਰਾਈਵਰੀ ਲਾਇਸੰਸ ਬਣਾਉਣ ਦਾ ਕੰਮ ਸ਼ੁਰੂ ਹੋਇਆ ਪਰ ਇਸ ਦੌਰਾਨ ਸਰਵਰ ਡਾਊਨ ਹੋਣ ਕਰਕੇ ਕੰਮ ਦੁਪਹਿਰ ਤਕ ਸ਼ੁਰੂ ਨਹੀਂ ਹੋਇਆ ਜਿਸ ਕਰਕੇ ਕਾਫੀ ਲੋਕ ਵਾਪਸ ਚਲੇ ਗਏ।

ਪਿੰਡ ਫੱਤਣਵਾਲਾ ਤੋਂ ਅਸਦੀਪ ਸਿੰਘ ਸੰਧੂ ਨੇ ਦੱਸਿਆ ਕਿ ਉਹ ਪੱਕਾ ਲਾਇਸੰਸ ਬਣਾਉਣ ਆਇਆ ਸੀ ਪਰ ਦੁਪਹਿਰ ਤਕ ਸਿਸਟਮ ਨਹੀਂ ਚੱਲਿਆ ਜਿਸ ਕਰ ਕੇ ਉਹ ਵਾਪਸ ਚਲਾ ਗਿਆ। ਜਾਣਕਾਰੀ ਅਨੁਸਾਰ ਹਾਲ ਦੀ ਘੜੀ ਐੱਸਡੀਐੱਮ ਦਫਤਰ ਵਿਖੇ ਆਮ ਲੋਕਾਂ ਦਾ ਦਾਖਲਾ ਬੰਦ ਹੋਣ ਕਰਕੇ ਲਾਇਸੰਸ ਫਾਇਲਾਂ ਵਸੂਲ ਕਰਨ ਦਾ ਕੰਮ ਜ਼ਿਲ੍ਹਾ ਸੇਵਾ ਕੇਂਦਰ ਵਿਖੇ ਕੀਤਾ ਜਾ ਰਿਹਾ ਹੈ। ਅੱਜ ਪਹਿਲੇ ਦਿਨ ਲਰਨਿੰਗ ਲਾਇਸੰਸ ਤੇ ਪੱਕੇ ਲਾਇਸੰਸ ਬਣਾਉਣ ਦਾ ਕੰਮ ਕੀਤਾ ਗਿਆ ਜਦੋਂ ਕਿ ਰਜਿਸਟਰੇਸ਼ਨ ਦੇ ਕੰਮ ਸਬੰਧੀ ਅਜੇ ਕੋਈ ਰੂਪ ਰੇਖਾ ਨਹੀਂ ਬਣੀ। ਕਰੀਬ ਚਾਰ ਮਹੀਨਿਆਂ ਤੋਂ ਰਜਿਸਟਰੇਸ਼ਨਾਂ ਦਾ ਕੰਮ ਰੁਕਿਆ ਹੋਣ ਕਰਕੇ ਲੋਕਾਂ 'ਚ ਭਾਰੀ ਪ੍ਰਰੇਸ਼ਾਨੀ ਪਾਈ ਜਾ ਰਹੀ ਹੈ। ਹਾਲ ਦੀ ਘੜੀ ਨੰਬਰ ਪਲੇਟਾਂ ਦਾ ਕੰਮ ਹੀ ਚੱਲਿਆ ਹੈ। ਲੋਕਾਂ ਦੀ ਮੰਗ ਹੈ ਕਿ ਲਾਇਸੰਸ ਤੇ ਰਜਿਸਟਰੇਸ਼ਨਾਂ ਦਾ ਕੰਮ ਮੁਕੰਮਲ ਰੂਪ 'ਚ ਸ਼ੁਰੂ ਕੀਤਾ ਜਾਵੇ। ਇਸ ਦੌਰਾਨ ਐਸਡੀਐਮ ਦਫਤਰ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਨੰਬਰ ਪਲੇਟਾਂ ਕਰਕੇ ਰਜਿਸਟਰੇਸ਼ਨਾਂ ਦੀ ਛਪਾਈ ਰੁਕੀ ਹੋਈ ਹੈ ਜਿਵੇਂ ਹੀ ਨੰਬਰ ਪਲੇਟਾਂ ਲੱਗਦੀਆਂ ਜਾਣਗੀਆਂ ਰਜਿਸਟਰੇਸ਼ਨਾਂ ਛਪ ਜਾਣਗੀਆਂ। ਨਵੀਆਂ ਫਾਇਲਾਂ ਫੜਣ ਦਾ ਕੰਮ ਵੀ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।