ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਬੀਤੀ ਰਾਤ ਸਥਾਨਕ ਮੁਕਤ-ਏ-ਮੀਨਾਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਸਿਵਲ ਹਸਪਤਾਲ ਮੁਕਤਸਰ ਵਿਖੇ ਲਿਜਾਇਆ ਗਿਆ ਜਿੱਥੇ ਉਹ ਇਲਾਜ ਅਧੀਨ ਹੈ। ਜਾਣਕਾਰੀ ਅਨੁਸਾਰ ਪਿੰਡ ਰੁਪਾਣਾ ਨਿਵਾਸੀ ਜਸਪਾਲ ਸਿੰਘ (33) ਪੁੱਤਰ ਮੁਖਤਿਆਰ ਸਿੰਘ ਪਿੰਡ ਰੁਪਾਣਾ ਤੋਂ ਟਰੈਕਟਰ 'ਤੇ ਸਵਾਰ ਹੋ ਕੇ ਪਿੰਡ ਲੁਬਾਣਿਆਂਵਾਲੀ ਜਾ ਰਿਹਾ ਸੀ ਕਿ ਜਦ ਉਹ ਸ੍ਰੀ ਮੁਕਤਸਰ ਸਾਹਿਬ ਦੇ ਮੁਕਤ-ਏ-ਮੀਨਾਰ ਪਾਰਕ ਕੋਲ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ ਨਾਲ ਉਸਦੀ ਟੱਕਰ ਹੋ ਗਈ ਜਿਸਨੂੰ ਪਿੰਡ ਵਣਵਾਲਾ ਨਿਵਾਸੀ ਤਰਸੇਮ ਸਿੰਘ ਪੁੱਤਰ ਗੁਰਦੀਪ ਸਿੰਘ ਚਲਾ ਰਿਹਾ ਸੀ। ਇਸ ਹਾਦਸੇ ਦੌਰਾਨ ਟਰੈਕਟਰ ਚਾਲਕ ਜਸਪਾਲ ਸਿੰਘ ਦੀ ਮੌਤ ਹੋ ਗਈ ਜਦਕਿ ਕਾਰ ਚਾਲਕ ਤਰਸੇਮ ਸਿੰਘ ਦੀ ਲੱਤ ਟੁੱਟ ਗਈ। ਇਸਦਾ ਪਤਾ ਲੱਗਦਿਆਂ ਹੀ ਲੋਕਾਂ ਵੱਲੋਂ ਜਖ਼ਮੀ ਹਾਲਤ 'ਚ ਕਾਰ ਚਾਲਕ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਇਲਾਜ ਅਧੀਨ ਹੈ। ਓਧਰ ਘਟਨਾ ਦਾ ਪਤਾ ਲਗਦਿਆਂ ਹੀ ਥਾਣਾ ਸਦਰ ਮੁਕਤਸਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।