ਜਗਸੀਰ ਛੱਤਿਆਣਾ, ਗਿੱਦੜਬਾਹਾ : ਆਪਣੇ ਖੇਤਾਂ ਦੇ ਨਾਲ ਲਗਦੀਆਂ ਸੜਕਾਂ ਦੀ ਸਰਕਾਰੀ ਥਾਂ ਨੂੰ ਵੱਢ ਕੇ ਆਪਣੇ ਖੇਤ 'ਚ ਮਿਲਾਉਣ ਦਾ ਮੰਦਭਾਗਾ ਰੁਝਾਨ ਕਿਸਾਨਾਂ 'ਚ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ ਜੋ ਕਿ ਅਕਸਰ ਹੀ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ ਕਿਉਂਕਿ ਰਸਤਾ ਤੰਗ ਹੋਣ 'ਤੇ ਵਹੀਕਲ ਨੂੰ ਸਾਈਡ ਦੇਣਾ ਮੁਸ਼ਕਲ ਹੋ ਜਾਂਦਾ ਹੈ। ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਵੱਲੋਂ ਕਈ ਵਾਰ ਮਿਣਤੀ ਕਰਵਾ ਕੇ ਸੜਕਾਂ ਦੀ ਜਗ੍ਹਾ ਨੂੰ ਪੂਰਾ ਕੀਤਾ ਗਿਆ ਹੈ ਅਤੇ ਸੜਕਾਂ ਦੇ ਥਾਂ ਦੀ ਨਿਸ਼ਾਨਦੇਹੀ ਲਈ ਪੱਥਰ ਵੀ ਗੱਡੇ ਗਏ ਹਨ, ਪਰ ਕਿਸਾਨਾਂ ਵੱਲੋਂ ਬਿਨ੍ਹਾਂ ਕੋਈ ਪ੍ਰਵਾਹ ਕੀਤੇ ਪ੍ਰਸ਼ਾਸਨ ਵੱਲੋਂ ਲਗਾਏ ਗਏ ਇਨ੍ਹਾਂ ਪੱਥਰਾਂ ਨੂੰ ਵੀ ਪੁੱਟ ਕੇ ਸੁੱਟ ਦਿੱਤਾ ਜਾਂਦਾ ਹੈ। ਅਜਿਹਾ ਹੀ ਹਲਕਾ ਗਿੱਦੜਬਾਹਾ ਪਿੰਡ ਭਲਾਈਆਣਾ ਤੋਂ ਛੱਤਿਆਣਾ ਨੂੰ ਜਾਂਦੀ ਿਲੰਕ ਸੜਕ 'ਤੇ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕਿਸਾਨਾਂ ਵੱਲੋਂ ਸ਼ਰੇਆਮ ਸੜਕ ਦੀ ਜਗ੍ਹਾ ਨੂੰ ਆਪਣੀਆਂ ਜ਼ਮੀਨਾਂ 'ਚ ਮਿਲਾਇਆ ਜਾ ਰਿਹਾ ਹੈ। ਇਸਤੋਂ ਇਲਾਵਾ ਸੜਕਾਂ 'ਤੇ ਲੱਗੇ ਰੂੜੀਆਂ ਦੇ ਵੱਡੇ-ਵੱਡੇ ਢੇਰ ਵੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸਤੋਂ ਇਲਾਵਾ ਗਿੱਦੜਬਾਹਾ ਤੋਂ ਪਿੰਡ ਗੁਰੂਸਰ ਵਾਲਾ ਮੇਨ ਸੜ੍ਹਕ ਅਤੇ ਪਿੰਡ ਸੁਖਨਾ ਅਬਲੂ ਤੋਂ ਵਾਇਆ ਮਨੀਆਂ ਵਾਲਾ ਸਮਾਘ ਤੱਕ ਆਦਿ ਸੜਕਾਂ ਦੀ ਜਗ੍ਹਾ 'ਤੇ ਵੀ ਕਿਸਾਨਾਂ ਵੱਲੋਂ ਵੱਡੀ ਪੱਧਰ 'ਤੇ ਨਜ਼ਾਇਜ ਕਬਜੇ ਕੀਤੇ ਹੋਏ ਹਨ। ਲੋਕਾਂ ਦੀ ਮੰਗ ਹੈ ਕਿ ਸਰਕਾਰ ਸਾਰੀਆਂ ਸੜ੍ਹਕਾਂ ਦੀ ਜਗ੍ਹਾ ਨੂੰ ਪੂਰਾ ਕਰਵਾਏ ਤੇ ਸੜ੍ਹਕਾਂ ਦੀ ਥਾਂ ਨੂੰ ਆਪਣੀਆਂ ਜ਼ਮੀਨਾਂ 'ਚ ਮਿਲਾਉਣ ਵਾਲੇ ਕਿਸਾਨਾਂ ਅਤੇ ਸੜ੍ਹਕਾਂ ਦੀ ਥਾਂ 'ਚ ਰੂੜੀਆਂ ਲਾਉਣ ਵਾਲੇ ਲੋਕਾਂ ਵਿਰੁੱਧ ਕੋਈ ਸਖ਼ਤ ਕਾਨੂੰਨ ਹੋਂਦ 'ਚ ਲਿਆ ਕੇ ਸਖ਼ਤੀ ਨਾਲ ਲਾਗੂ ਕਰੇ।

ਜਦ ਇਸ ਸਬੰਧੀ ਸਬੰਧਿਤ ਐਸਡੀਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਕ ਵਾਰ ਸਬੰਧਿਤ ਕਿਸਾਨਾਂ ਨੂੰ ਸੜਕ ਦੀ ਜਗ੍ਹਾ ਪੂਰੀ ਕਰਕੇ ਨਾਲ ਮਿੱਟੀ ਲਾਉਣ ਦੀ ਅਪੀਲ ਕਰਨਗੇ, ਨਹੀਂ ਤਾਂ ਸੜ੍ਹਕ ਨਾਲੋਂ ਮਿੱਟੀ ਵੱਢ ਕੇ ਜਗ੍ਹਾ ਆਪਣੀ ਜਮੀਨ 'ਚ ਮਿਲਾਉਣ ਵਾਲੇ ਕਿਸਾਨਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ।