ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲੋੜਵੰਦ ਪਰਿਵਾਰਾਂ ਦੀ ਮਦਦ ਵਾਸਤੇ ਜ਼ਿਲ੍ਹੇ 'ਚੋਂ ਕਈ ਬੇਟੀਆਂ ਅੱਗੇ ਆ ਰਹੀਆਂ ਹਨ। ਸੋਮਵਾਰ ਨੂੰ 2 ਛੋਟੀਆਂ ਬੱਚੀਆਂ ਨਵਯਾ ਅਹੂਜਾ ਤੇ ਜੰਨਤ ਅਹੂਜਾ ਜੋ ਭੈਣਾਂ ਹਨ ਨੇ ਆਪਣੇ ਪਿਤਾ ਕੰਵਲਦੀਪ ਅਹੂਜਾ ਨਾਲ ਆਪਣੀ ਬੁਗਨੀ (ਪਿੱਗੀ ਬੈਂਕ) ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਦਫਤਰ ਐਸਐਸਪੀ ਸ੍ਰੀ ਮੁਕਸਤਰ ਸਾਹਿਬ ਵਿਖੇ ਪਹੁੰਚ ਕੇ ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੂੰ ਸੌਂਪੀ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਲੋੜਵੰਦਾਂ ਦੀ ਮੱਦਦ ਲਈ ਮਲੋਟ ਦੀ ਇਕ ਬੱਚੀ ਵੱਲੋਂ ਐਸਐਸਪੀ ਸਾਬ੍ਹ ਨੂੰ ਪਿੱਗੀ ਬੈਂਕ ਸੌਂਪੀ ਗਈ ਸੀ। ਸਮਾਜ ਦੇ ਭਲੇ ਲਈ ਬੇਟੀਆਂ ਹਰ ਕੰਮ 'ਚ ਕਦਮ ਨਾਲ ਕਦਮ ਮਿਲਾ ਕੇ ਅੱਗੇ ਆ ਰਹੀਆਂ ਹਨ। ਐਸਐਸਪੀ ਨੇ ਕਿਹਾ ਕਿ ਕੋਰੋਨਾ ਵਾਇਰਸ ਬਿਮਾਰੀ ਨਾਲ ਲੱਗੇ ਲਾਕਡਾਊਨ 'ਚ ਕਈ ਅਜਿਹੇ ਲੋਕ ਵੀ ਹਨ ਜਿੰਨ੍ਹਾਂ ਦਾ ਖਾਣਾ ਪੀਣਾ ਅੌਖਾ ਹੋ ਗਿਆ ਹੈ ਤੇ ਉਨ੍ਹਾਂ ਲੋਕਾਂ ਦੀ ਪੁਲਿਸ ਤੇ ਸੰਸਥਾਵਾਂ ਨਾਲ ਮਿਲ ਕੇ ਮੱਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ 'ਚ ਮੱਦਦ ਲਈ 2 ਬੱਚੀਆਂ ਆਈਆਂ ਹਨ, ਜਿੰਨ੍ਹਾਂ ਨੇ ਆਪਣੀ ਸੇਵਿੰਗ ਪਿੱਗੀ ਬੈਂਕ ਉਨ੍ਹਾਂ ਨੂੰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਇਸ ਪਿੱਗੀ ਬੈਂਕ 'ਚ ਜਿੰਨੇ ਵੀ ਰੁਪਏ ਹੋਣਗੇ, ਉਨ੍ਹਾਂ ਦਾ ਰਾਸ਼ਨ ਖਰੀਦ ਕੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਬੱਚੀਆਂ ਦੀ ਸੋਚ ਤੇ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ ਤੇ ਇੰਨ੍ਹਾਂ ਬੱਚੀਆਂ ਵੱਲੋਂ ਸਿੱਖਿਆ ਦਿੱਤੀ ਗਈ ਹੈ ਕਿ ਲੋੜਵੰਦ ਪਰਿਵਾਰਾਂ ਦੀ ਸਾਰੇ ਮੱਦਦ ਕਰੀਏ। ਇਸ ਮੌਕੇ ਇਨ੍ਹਾਂ ਨਾਲ ਦੀਪਕ ਗਰਗ ਆਈਡੀਪੀ ਬੈਂਕ ਸ੍ਰੀ ਮੁਕਤਸਰ ਸਾਹਿਬ, ਨਵਲ ਅਹੂਜਾ ਤੇ ਹਰਪ੍ਰਰੀਤ ਸਿੰਘ ਪੀਆਰਓ ਹਾਜ਼ਰ ਸਨ।