ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਈਦ-ਉਲ-ਿਫ਼ਤਰ 'ਤੇ ਇਸ ਵਾਰ ਅਮਨ-ਅਮਾਨ ਦੇ ਨਾਲ-ਨਾਲ ਕੋਰੋਨਾ ਮਹਾਮਾਰੀ ਦੇ ਖਾਤਮੇ ਦੀ ਦੁਆ ਵੀ ਮੰਗੀ ਗਈ। ਜਦਕਿ ਇਸ ਵਾਰ ਈਦ ਤੇ ਕੋਰੋਨਾ ਦੇ ਚਲਦਿਆਂ ਭੀੜ ਨਾ ਇਕੱਤਰ ਕਰਨ ਨੂੰ ਲੈ ਕੇ ਜਾਮਾ ਮਸਜਿਦ 'ਚ ਈਦ ਨਹੀਂ ਮਨਾਈ ਗਈ ਪਰ ਮੁਸਲਿਮ ਭਾਈਚਾਰੇ ਨੇ ਆਪਣੇ-ਆਪਣੇ ਘਰਾਂ 'ਚ ਈਦ ਦੀ ਨਮਾਜ ਅਤਾ ਕੀਤੀ ਤੇ ਨਾਲ ਹੀ ਕੋਰੋਨਾ ਸੰਕਟ ਦੇ ਖ਼ਤਮੇ ਲਈ ਵੀ ਦੁਆ ਮੰਗੀ। ਈਦ 'ਤੇ ਜਾਮਾ ਮਸਜਿਦ 'ਚ ਰੌਣਕ ਪਹਿਲਾਂ ਵਾਂਗ ਨਹੀਂ ਸੀ ਕਿਉਂਕਿ ਮੁਸਲਿਮ ਭਾਈਚਾਰੇ ਵੱਲੋਂ ਇਸ ਵਾਰ ਘਰਾਂ ਵਿਚ ਹੀ ਈਦ ਮਨਾਈ ਗਈ। ਮੋਬਾਈਲ ਦੇ ਜਰੀਏ ਲੋਕਾਂ ਵੱਲੋਂ ਇਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਮੁਸਲਿਮ ਇੰਤਜਾਮੀਆਂ ਕਮੇਟੀ ਦੇ ਪ੍ਰਧਾਨ ਡਾ. ਸਈਅਦ ਮੁਹਮੰਦ ਸਈਦ, ਚੇਅਰਮੈਨ ਹਾਜੀ ਮੁਹੰਮਦ ਅਸ਼ਰਫ ਕੁਰੈਸ਼ੀ, ਪੇਸ਼ੇ ਇਮਾਮ ਮੁਹੰਮਦ ਹਾਸ਼ਿਮ, ਸਕੱਤਰ ਅਕਬਰ ਅਲੀ, ਕਾਸਮ ਅਲੀ ਆਦਿ ਨੇ ਕਿਹਾ ਕਿ ਇੰਤਜਾਮੀਆਂ ਕਮੇਟੀ ਨੇ ਦੋ ਦਿਨ ਪਹਿਲਾਂ ਹੀ ਥਾਣਾ ਸਿਟੀ ਪੁਲਿਸ 'ਚ ਇੰਚਾਰਜ਼ ਦੇ ਨਾਮ ਪੱਤਰ ਭੇਜ ਕੇ ਖੁਦ ਹੀ ਇਸ ਵਾਰ ਈਦ ਘਰਾਂ 'ਚ ਰਹਿ ਕੇ ਮਨਾਉਣ ਦਾ ਫੈਸਲਾ ਕੀਤਾ ਸੀ, ਨਾਲ ਹੀ ਪੁਲਿਸ ਪ੍ਰਸ਼ਾਸਨ ਤੋਂ ਈਦ ਦੇ ਦਿਨ ਮਸਜਿਦ ਦੇ ਬਾਹਰ ਪੁਲਿਸ ਡਿਊਟੀ ਲਗਾਉਣ ਦੀ ਮੰਗ ਕੀਤੀ ਸੀ ਤਾਂ ਕਿ ਕੋਈ ਮੁਸਲਿਮ ਭਰਾ ਗਲਤੀ ਨਾਲ ਮਸਜਿਦ ਆ ਵੀ ਜਾਵੇ ਤਾਂ ਪੁਲਿਸ ਉਸਨੂੰ ਘਰ ਵਾਪਸ ਭੇਜ ਦੇਵੇ। ਮੁਸਲਿਮ ਇੰਤਜਾਮੀਆ ਕਮੇਟੀ ਦੇ ਹੋਰ ਮੈਂਬਰਾਂ ਨੇ ਐਸਐਸਪੀ ਰਾਜਬਚਨ ਸਿੰਘ ਸੰਧੂ ਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ।