ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਮਹਾਮਾਰੀ ਦੌਰਾਨ ਮੱਧਮ ਵਰਗ ਦੇ ਲੋਕਾਂ ਨੂੰ ਆਰਥਿਕ ਤੌਰ 'ਤੇ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਰਸ਼ ਬਰਾੜ ਜੱਸੇਆਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਿਨ੍ਹਾਂ ਕਿਸੇ ਅਗਾਊਂ ਜਾਣਕਾਰੀ ਦਿੱਤੇ ਹੀ ਸਮੁੱਚੇ ਦੇਸ਼ 'ਚ ਤਾਲਾਬੰਦੀ ਕਰ ਦਿੱਤੀ ਗਈ ਸੀ ਜਿਸ ਨਾਲ ਮੱਧਮ ਵਰਗ ਦੇ ਛੋਟੇ ਵਪਾਰੀਆਂ, ਦੁਕਾਨਦਾਰਾਂ, ਕਿਸਾਨਾਂ, ਆਟੋ -ਟੈਕਸੀ ਚਾਲਕਾਂ, ਡੇਅਰੀ ਫਾਰਮਰ ਆਦਿ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਡੇਅਰੀ ਫਾਰਮਰ ਤੇ ਪੋਲਟਰੀ ਫਾਰਮਰ ਤਾਂ ਬਿਲਕੁਲ ਹੀ ਖ਼ਤਮ ਹੋਣ ਦੀ ਕਗਾਰ 'ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਜੀਐਸਟੀ 'ਚ ਸਭ ਤੋਂ ਵੱਧ ਯੋਗਦਾਨ ਮੱਧਮ ਵਰਗ ਦੇ ਲੋਕਾਂ ਵੱਲੋਂ ਹੀ ਦਿੱਤਾ ਜਾਂਦਾ ਹੈ। ਸਰਕਾਰ ਨੂੰ ਇਸ ਵਰਗ ਦੇ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ ਕਿਉਂਕਿ ਮਹਾਮਾਰੀ ਕਾਰਨ ਦੇਸ਼ ਦੇ ਆਰਥਿਕ ਵਿਕਾਸ ਦੀ ਆਈ ਖੜੋਤ ਨੂੰ ਮੱਧਮ ਵਰਗ ਹੀ ਚਲਾ ਸਕਦਾ ਹੈ ਪਰ ਇਸ ਤੋਂ ਉਲਟ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਬਿੱਲ ਜਾਰੀ ਕਰ ਦਿੱਤੇ ਗਏ ਜਿਸ ਨਾਲ ਲੋਕਾਂ 'ਚ ਭਾਰੀ ਅਸੰਤੋਸ਼ ਪੈਦਾ ਹੋਇਆ ਹੈ। ਹਰ ਵਾਰ ਖ਼ਾਲੀ ਖ਼ਜ਼ਾਨੇ ਦਾ ਬਹਾਨਾ ਬਣਾਕੇ ਮੱਧਮ ਵਰਗ ਦੇ ਲੋਕਾਂ ਦੀ ਭਾਰੀ ਟੈਕਸਾਂ ਰਾਹੀਂ ਲੁੱਟ ਕੀਤੀ ਜਾਂਦੀ ਰਹੀ ਹੈ। ਸੂਬੇ ਦੇ ਸੱਠ ਫੀਸਦੀ ਪਰਿਵਾਰ ਇਸ ਵਰਗ ਨਾਲ ਜੁੜੇ ਹੋਏ ਹਨ ਜੇਕਰ ਸਰਕਾਰ ਨੇ ਅਜੇ ਵੀ ਕੋਈ ਗੌਰ ਨਾਂ ਕੀਤੀ ਤਾਂ ਇਸਦੇ ਨਤੀਜੇ ਭੁਗਤਣ ਲਈ ਸਰਕਾਰ ਤਿਆਰ ਰਹੇ।