ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਐੱਸਐੱਸਪੀ ਰਾਜਬਚਨ ਸਿੰਘ ਸੰਧੂ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਭੇਜ ਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਕੁਲਵੰਤ ਰਾਏ ਐਸਪੀ (ਪੀਬੀਆਈ) ਵੱਲੋਂ ਵੱਖ-ਵੱਖ ਸੰਸਥਾਵਾਂ ਵੱਲੋਂ ਬਾਬਾ ਗੁਰਪ੍ਰਰੀਤ ਸੋਨੀ ਆਸ਼ਰਮ 'ਚੋਂ ਲੰਗਰ ਤਿਆਰ ਕਰਕੇ ਤਕਰੀਬਨ 1500 ਪਰਿਵਾਰਾਂ ਲਈ ਰਵਾਨਾ ਕੀਤਾ ਗਿਆ। ਐੱਸਪੀ ਕੁਲਵੰਤ ਰਾਏ ਨੇ ਕਿਹਾ ਕਿ ਜੋ ਪਰਿਵਾਰ ਹਰ ਰੋਜ਼ ਕਮਾ ਕੇ ਉਸੇ ਖਾਂਦੇ ਸਨ ਉਨ੍ਹਾਂ ਪਰਿਵਾਰਾਂ ਦੇ ਲਈ ਪੁਲਿਸ ਵੱਲੋਂ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਲਿਸਟਾਂ ਦੇ ਅਧਾਰ 'ਤੇ ਉਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ਅੰਦਰ ਖਾਣਾ ਪਕਾਉਣ ਦੇ ਲਈ ਲੱਕੜ ਜਾਂ ਗੈਸ ਨਹੀਂ ਹਨ ਉਨ੍ਹਾਂ ਨੂੰ ਦਿਨ 'ਚ ਤਿੰਨੋਂ ਟਾਇਮ ਤਿਆਰ ਖਾਣਾ ਵੰਡਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਆਪਣੇ ਘਰਾਂ 'ਚ ਹੀ ਰਹਿਣ ਅਤੇ ਆਪਣੀ ਸੁਰੱਖਿਆ ਲਈ ਸਾਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਹਰ ਇਕ ਜਰੂਰੀ ਵਰਤੋਂ 'ਚ ਆਉਣ ਵਾਲੇ ਸਮਾਨ ਨੂੰ ਡੋਰ-ਟੂ-ਡੋਰ ਪਹੁੰਚਾਇਆ ਜਾ ਰਿਹਾ ਹੈੈ। ਉਨ੍ਹਾਂ ਕਿਹਾ ਕੇ ਕਿਸੇ ਨੂੰ ਕਿਸੇ ਕਿਸਮ ਦੀ ਮੁਸ਼ਕਲ ਆ ਰਹੀ ਹੈ ਤਾਂ ਹੈਲਪ ਲਾਈਨ ਨੰਬਰ 112 ਤੇ 80543-70100 'ਤੇ ਸੰਪਰਕ ਕਰ ਸਕਦਾ ਹੈ।