ਜਗਸੀਰ ਛੱਤਿਆਣਾ, ਗਿੱਦੜਬਾਹਾ : ਨਿਰੋਲ ਸੇਵਾ ਸੰਸਥਾ ਧੂਲਕੋਟ (ਸ੍ਰੀ ਮੁਕਤਸਰ ਸਾਹਿਬ) ਵੱਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਵ ਨੂੰ ਸਮਰਪਿਤ ਸਜਾਏ ਜਾ ਰਹੇ ਅੰਤਰਰਾਸ਼ਟਰੀ ਵਿਸ਼ਾਲ ਨਗਰ ਕੀਰਤਨ ਦੇ ਗਿੱਦੜਬਾਹਾ ਪਹੁੰਚਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਚੱਲ ਰਹੇ ਨਗਰ ਕੀਰਤਨ ਵਿਚ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਝਾਕੀਆਂ ਵਿਸ਼ੇਸ਼ ਤੌਰ 'ਤੇ ਖਿੱਚ ਦਾ ਕੇਂਦਰ ਰਹੀਆਂ। ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਿੱਸਾ ਲਿਆ ਅਤੇ ਫੁੱਲਾਂ ਨਾਲ ਸ਼ਿੰਗਾਰੀ ਹੋਈ ਪਾਲਕੀ ਵਿਚ ਸ਼ਸ਼ੋਭਿਤ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ। ਗਿੱਦੜਬਾਹਾ ਵਿਖੇ ਪਹੁੰਚਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਅੱਗੇ ਵੱਡੀ ਗਿਣਤੀ 'ਚ ਇਕੱਠੀਆਂ ਹੋਈਆਂ ਸੰਗਤਾਂ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰਦਿਆਂ ਪੰਜ ਪਿਆਰਿਆਂ ਅਤੇ ਪਾਲਕੀ ਸਾਹਿਬ 'ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਡਿੰਪੀ ਿਢੱਲੋਂ ਦੇ ਮਾਤਾ ਜੀ ਬੀਬੀ ਪਰਮਜੀਤ ਕੌਰ ਿਢੱਲੋਂ ਵੱਲੋਂ ਪੰਜ ਪਿਆਰਿਆਂ ਅਤੇ ਸੰਸਥਾ ਦੇ ਪ੍ਰਧਾਨ ਜਗਦੀਪ ਸਿੰਘ ਕਾਲਾ ਸੋਢੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਗੱਤਕਾ ਅਖਾੜਾ ਸ੍ਰੀ ਮੁਕਤਸਰ ਸਾਹਿਬ ਦੇ ਸਿੰਘਾਂ ਨੇ ਗੱਤਕੇ ਦੇ ਜੌਹਰ ਦਿਖਾਏ। ਇਸ ਸਮੇਂ ਨਿਰੋਲ ਸੇਵਾ ਸੰਸਥਾ ਦੇ ਪ੍ਰਧਾਨ ਡਾ. ਜਗਦੀਪ ਸਿੰਘ ਕਾਲਾ ਸੋਢੀ ਨੇ ਦੱਸਿਆ ਕਿ ਨਗਰ ਕੀਰਤਨ ਪੰਜਾਬ ਦੇ 16 ਜ਼ਿਲਿ੍ਹਆਂ ਵਿੱਚੋਂ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਤੋਂ ਹੁੰਦਾ ਹੋਇਆ 7 ਮਾਰਚ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਪਹੁੰਚਕੇ ਸਮਾਪਤ ਹੋਵੇਗਾ। ਮਹਾਨ ਨਗਰ ਕੀਰਤਨ ਦਾ ਮੁੱਖ ਮਕਸਦ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਕੇ ਬਾਣੀ ਨਾਲ ਜੋੜਣਾ ਹੈ। ਹਰਦੀਪ ਸਿੰਘ ਡਿੰਪੀ ਿਢੱਲੋਂ ਨੇ ਨਿੱਜੀ ਸਹਾਇਕ ਜਗਤਾਰ ਸਿੰਘ ਧਾਲੀਵਾਲ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਰਘੁਬੀਰ ਪ੍ਰਧਾਨ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪਾਲ ਸਿੰਘ ਗੋਰਾ, ਸੀਨੀਅਰ ਅਕਾਲੀ ਆਗੂ ਅਸ਼ੋਕ ਬੁੱਟਰ, ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਾਧੋਦਾਸ ਸਿੰਘ ਖਾਲਸਾ, ਪ੍ਰਧਾਨ ਜਸਵੰਤ ਸਿੰਘ ਸਿੱਧੂ, ਸਤਪਾਲ ਸਿੰਘ ਮਾਨ, ਕੌਸਲਰ ਕੁਲਵਿੰਦਰ ਸਿੰਘ, ਰਾਜੂ ਥਰਾਜਵਾਲਾ, ਕੌਸਲਰ ਪੂਰਨਚੰਦ, ਵਰਿੰਦਰ ਗੋਗੀ, ਪ੍ਰਧਾਨ ਰੈਸਟੀ ਰੰਧਾਵਾ ਆਦਿ ਹਾਜ਼ਰ ਸਨ।