ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੀ ਨਗਰ ਕੌਂਸਲ ਪਹਿਲਾਂ ਵੀ ਆਪਣੇ ਸਫਾਈ ਪ੍ਰਬੰਧਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ, ਕਿਉਂਕਿ ਸ਼ਹਿਰ ਵਿਚ ਹਰੇਕ ਗਲੀ ਮੁਹੱਲਿਆਂ ਅਤੇ ਖਾਲੀ ਪਏ ਪਲਾਟਾਂ 'ਚ ਲੱਗੇ ਹੋਏ ਕੂੜੇ ਤੇ ਪਲਾਸਟਿਕ ਦੇ ਲਿਫਾਫਿਆਂ ਦੇ ਢੇਰ ਨਗਰ ਕੌਂਸਲ ਦੇ ਕਾਰਜ ਉਪਰ ਸਵਾਲੀਆ ਨਿਸ਼ਾਨ ਲਗਾਉਂਦੇ ਹਨ। ਸ਼ਹਿਰ ਦੀਆਂ ਕੁਝ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਕਰਨ ਲਈ ਕਰੀਬ 19 ਲੱਖ ਰੁਪਏ ਖਰਚ ਕਰਕੇ ਵੈਕਿਉਮ ਮਸ਼ੀਨ ਲਿਆਂਦੀ ਗਈ। ਉਹ ਸ਼ਾਇਦ ਸ਼ਹਿਰ ਦੇ ਕੁਝ ਕੁ ਇਲਾਕੇ ਵਿਚ ਚੱਲਦੀ ਦੇਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਦੀ ਸਾਂਭ ਸੰਭਾਲ ਐਨੀ ਕੁ ਰੱਖੀ ਜਾਂਦੀ ਹੈ ਕਿ ਵਰਤੋਂ ਤੋਂ ਬਾਅਦ ਇਸ ਮਸ਼ੀਨ ਨੂੰ ਖੁੱਲੇ੍ਹ ਆਸਮਾਨ ਹੇਠਾਂ ਖੜ੍ਹਾ ਕੀਤਾ ਗਿਆ। ਜਿੱਥੇ ਧੂੜ ਮਿੱਟੀ, ਬਾਰਿਸ਼, ਤਰੇਲ ਇਸ ਉਪਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੱਖਾਂ ਰੁਪਏ ਦੀ ਮਸ਼ੀਨਰੀ ਦੀ ਸੰਭਾਲ ਪ੍ਰਤੀ ਨਗਰ ਕੌਂਸਲ ਦੇ ਅਧਿਕਾਰੀ ਐਨੇ ਲਾਹਪਰਵਾਹ ਹੋ ਸਕਦੇ ਹਨ ਤਾਂ ਉਹ ਸ਼ਹਿਰ ਬਾਕੀ ਕੰਮਾਂ ਦੀ ਕਿੰਨੀ ਕੁ ਪਰਵਾਹ ਕਰਦੇ ਹੋਣਗੇ।

ਇਸ ਸਬੰਧੀ ਜਦ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਿਪਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਸ਼ੀਨ ਲਈ ਕਿਸੇ ਤਰ੍ਹਾਂ ਦੇ ਸ਼ੈਡ ਦੀ ਲੋੜ ਨਹੀਂ ਹੈ, ਇਹ ਮਸ਼ੀਨ ਦਾ ਇੰਜਨ ਬਾਹਰਂੋ ਪੂਰੀ ਤਰ੍ਹਾਂ ਨਾਲ ਕਵਰ ਹੈ ਇਸ 'ਤੇ ਧੂੜ ਮਿੱਟੀ ਤੇ ਬਾਰਿਸ਼ ਦੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ। ਜਦਕਿ ਇਹ ਮਸ਼ੀਨ ਰਾਤ ਵੇਲੇ ਕੰਮ 'ਤੇ ਲਿਜਾਈ ਜਾਂਦੀ ਹੈ ਤੇ ਬਾਅਦ ਵਿਚ ਇੱਥੇ ਹੀ ਦਫ਼ਤਰ 'ਚ ਖੜ੍ਹੀ ਕਰ ਦਿੱਤੀ ਜਾਂਦੀ ਹੈ। ਸ਼ਹਿਰ ਛੋਟਾ ਹੋਣ ਕਾਰਨ ਸੜ੍ਹਕਾਂ ਉਪਰ ਮਸ਼ੀਨ ਨੂੰ ਖੜ੍ਹਾ ਕਰਨਾ ਸੰਭਵ ਨਹੀਂ ਹੈ। ਵੈਸੇ ਤਾਂ ਵੱਡੇ ਸ਼ਹਿਰਾਂ ਵਿਚ ਇਹ ਮਸ਼ੀਨ ਅਕਸਰ ਹੀ ਸੜਕਾਂ ਦੇ ਕਿਨਾਰਿਆਂ 'ਤੇ ਖੜ੍ਹੀ ਦੇਖੀ ਜਾ ਸਕਦੀ ਹੈ।