ਅਮਨਦੀਪ ਮਹਿਰਾ, ਮਲੋਟ : ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇਣ ਸਬੰਧੀ ਦਿੱਤੇ ਹੁਕਮਾਂ ਦੇ ਮੱਦੇਨਜ਼ਰ ਦੂਜੇ ਦਿਨ ਵੀ ਉਪਮੰਡਲ ਮਲੋਟ ਵਿਚ ਅਣਸੁਰੱਖਿਅਤ ਸਕੂਲ ਵਾਹਨਾਂ ਖਿਲਾਫ ਸਖ਼ਤੀ ਜਾਰੀ ਰਹੀ। ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਦੇ ਨਿਰਦੇਸ਼ ਅਨੁਸਾਰ ਮਲੋਟ 'ਚ ਉਪਮੰਡਲ ਮੈਜਿਸਟੇ੍ਟ ਗੋਪਾਲ ਸਿੰਘ ਦੀ ਅਗਵਾਈ ਵਿਚ ਟੀਮਾਂ ਨੇ ਵਿਦਿਆਰਥੀਆਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਅਣਸੁਰੱਖਿਅਤ ਸਕੂਲ ਵਾਹਨਾਂ ਦੇ ਚਲਾਨ ਕੀਤੇ। ਇਸ ਮੌਕੇ ਐਸਐਸਪੀ ਰਾਜਬਚਨ ਸਿੰਘ ਸੰਧੂ ਦੇ ਨਿਰਦੇਸ਼ ਅਨੁਸਾਰ ਪੁਲਿਸ ਵਿਭਾਗ ਵੀ ਹਾਜ਼ਰ ਸੀ। ਐਸਡੀਐਮ ਗੋਪਾਲ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਇਸ ਮੁਹਿੰਮ ਤਹਿਤ ਉਪਮੰਡਲ ਵਿਚ 20 ਚਲਾਨ ਕੀਤੇ ਗਏ ਸਨ। ਜਦਕਿ ਮੰਗਲਵਾਰ 12 ਚਲਾਨ ਕੀਤੇ ਗਏ ਹਨ। 3 ਵਾਹਨ ਜਬਤ ਵੀ ਕੀਤੇ ਗਏ ਹਨ। ਜਦਕਿ ਸੋਮਵਾਰ ਦੋ ਵਾਹਨ ਜਬਤ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਸਰਕਾਰ ਲਈ ਵਿਦਿਆਰਥੀਆਂ ਦੀ ਸੁਰੱਖਿਆ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਗੇ ਵੀ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਨਿਯਮਾਂ ਦੀ ਉਲੰਘਣਾ ਕਰਕੇ ਚੱਲਣ ਵਾਲੀਆਂ ਸਕੂਲ ਵੈਨਾਂ ਖਿਲਾਫ਼ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।