ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਿੱਡੀ ਦਲ ਸਬੰਧੀ ਫੈਲ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਕਿਸੇ ਘਬਰਾਹਟ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਕਿਸਾਨ ਕਲਿਆਣਾ ਅਤੇ ਖੇਤੀਬਾੜੀ ਮਹਿਕਮਾ ਪੂਰੀ ਤਰਾਂ ਮੁਸਤੈਦ ਹੈ ਅਤੇ ਵਿਭਾਗ ਦੀਆਂ ਟੀਮਾਂ ਲਗਾਤਾਰ ਪਿੰਡਾਂ ਵਿਚ ਚੌਕਸੀ ਰੱਖ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਨੇ ਅੱਜ ਰਾਣੀਵਾਲਾ, ਮਿੱਡਾ, ਅਸਪਾਲ, ਵਿਰਕ ਖੇੜਾ, ਭੰਗਜੜੀ, ਕਰਮਪਟੀ ਆਦਿ ਪਿੰਡਾਂ ਵਿਚ ਕਿਤੇ ਕਿਤੇ ਇੱਕਾ ਦੁੱਕਾ ਟਿੱਡੇ ਵੇਖੇ ਹਨ, ਅਤੇ ਉਹ ਵੀ ਨੁਕਸਾਨ ਕਰਨ ਦੀ ਹਾਲਤ ਵਿਚ ਨਹੀਂ ਸਨ ਕਿਉਂਕਿ ਸਪਰੇਅ ਦੇ ਿਛੜਕਾਅ ਦੇ ਅਸਰ ਕਰਨ ਉਹ ਪਹਿਲਾਂ ਹੀ ਮਰਨ ਵਾਲੇ ਸਨ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਹਾਲੇ ਤੱਕ ਕਿਤੇ ਵੀ ਟਿੱਡੀ ਦਲ ਦਾ ਕੋਈ ਨੁਕਸਾਨ ਜਾਂ ਹਮਲਾ ਨਹੀਂ ਹੈ ਅਤੇ ਕਿਸਾਨ ਬਿਲਕੁਲ ਘਬਰਾਉਣ ਨਾ। ਬਰਾੜ ਨੇ ਕਿਹਾ ਕਿ ਵਿਭਾਗ ਦੀ ਇਕ ਟੀਮ ਪਹਿਲਾਂ ਹੀ ਰਾਜਸਥਾਨ ਗਈ ਹੋਈ ਹੈ ਜੋ ਕਿ ਉੱਥੇ ਟਿੱਡੀ ਦਲ ਦੇ ਪ੍ਰਵਾਸ ਸਬੰਧੀ ਸਾਰੀ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ ਅਤੇ ਉਥੇ ਵੀ ਟਿੱਡੀ ਦਲ ਪੂਰੀ ਤਰਾਂ ਨਿਯੰਤਰਣ ਵਿਚ ਹੈ। ਉਨ੍ਹਾਂ ਕਿਹਾ ਕਿ ਰਾਜਥਸਾਨ ਵਿਚ ਟਿੱਡੀ ਤੇ ਕੀਟਨਾਸ਼ਕ ਿਛੜਕੇ ਗਏ ਹਨ ਜਿਸ ਕਾਰਨ ਟਿੱਡੇ ਮਰ ਰਹੇ ਹਨ ਅਤੇ ਜੋ ਇੱਕਾ ਦੁੱਕਾ ਟਿੱਡੇ ਵਿਖਾਈ ਦਿੱਤੇ ਹਨ ਉਨ੍ਹਾਂ ਤੇ ਵੀ ਉਕਤ ਕੀਟਨਾਸਕ ਦਾ ਅਸਰ ਸੀ ਅਤੇ ਉਹ ਜਲਦੀ ਹੀ ਮਰ ਗਏ ਹਨ। ਫਿਰ ਵੀ ਉਨ੍ਹਾਂ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਲਈ ਕਿਹਾ ਅਤੇ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਟਿੱਡੇ ਵਿਖਾਈ ਦੇਣ ਤਾਂ ਇਸ ਸਬੰਧੀ ਖੇਤੀਬਾੜੀ ਵਿਭਾਗ ਨੂੰ ਜਰੂਰ ਸੂਚਿਤ ਕੀਤਾ ਜਾਵੇ।