ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਦੀ ਪ੍ਰਧਾਨਗੀ ਹੇਠ ਖੰਡੇ ਵਾਲੇ ਪਾਰਕ ਵਿਖੇ ਹੋਈ। ਜਿਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ 'ਤੇ ਪਹੰੁਚੇ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਆਂਗਣਵਾੜੀ ਇੰਪਲਾਇਜ਼ ਫੈਡਰੇਸ਼ਨ ਆਫ਼ ਇੰਡੀਆ ਦੇ ਸੱਦੇ 'ਤੇ ਦੇਸ਼ ਭਰ 'ਚ 5 ਜੂਨ ਨੂੰ ਬਲਾਕ ਪੱਧਰ 'ਤੇ ਜੋ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਸ ਦੇ ਸਬੰਧ ਵਿਚ ਤਿਆਰੀ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਸਮਾਜਿਕ ਸੁਰੱਖਿਆ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਵਿਭਾਗੀ ਮੰਤਰੀ ਅਰੁਨਾ ਚੌਧਰੀ ਤੇ ਵਿਭਾਗ ਦੀ ਡਾਇਰੈਕਟਰ ਗੁਰਪ੍ਰਰੀਤ ਕੌਰ ਸਪਰਾ ਦੇ ਨਾਮ ਮੰਗ ਪੱਤਰ ਭੇਜੇ ਜਾਣਗੇ। ਹਰਗੋਬਿੰਦ ਕੌਰ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਐਲਾਨਿਆ ਜਾਵੇ, ਆਂਗਣਵਾੜੀ ਵਰਕਰ ਨੂੰ ਪ੍ਰਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਜਿਹੜੇ 600 ਰੁਪਏ ਤੇ 300 ਰੁਪਏ ਕੱਟੇ ਹਨ, ਉਹ ਪੈਸੇ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨਾਲ ਮਾਰਚ ਮਹੀਨੇ 'ਚ ਹੋਈ ਮੀਟਿੰਗ ਦੇ ਫੈਸਲੇ ਅਨੁਸਾਰ ਅਕਤੂਬਰ 2018 ਤੋਂ ਏਰੀਅਰ ਸਮੇਤ ਦਿੱਤੇ ਜਾਣ, ਪੋਸ਼ਣ ਅਭਿਆਨ ਦੇ ਅਪ੍ਰਰੈਲ 2018 ਤੋਂ ਰੁਕੇ ਹੋਏ ਪੈਸੇ ਦਿੱਤੇ ਜਾਣ, ਪ੍ਰਧਾਨ ਮੰਤਰੀ ਮਾਤਰਤਵ ਯੋਜਨਾ ਦੇ ਪੈਸੇ ਜੋ 2017 ਤੋਂ ਨਹੀ ਦਿੱਤੇ ਗਏ, ਦਿੱਤੇ ਜਾਣ, ਕਰੈਚ ਵਰਕਰਾਂ/ਹੈਲਪਰਾਂ ਦੀ ਦੋ ਸਾਲਾਂ ਤੋਂ ਰੁਕੀ ਹੋਈ ਤਨਖਾਹ ਦਿੱਤੀ ਜਾਵੇ ਤੇ ਸੂਬੇ ਦੀਆਂ ਸਾਰੀਆਂ ਵਰਕਰਾਂ/ਹੈਲਪਰਾਂ ਨੂੰ ਹਰ ਮਹੀਨੇ ਸਮੇਂ ਸਿਰ ਤਨਖਾਹਾਂ ਮੁਹੱਈਆ ਕਰਵਾਈਆਂ ਜਾਣ।