ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਦੀਵਾਨ ਚੰਦ ਸ਼ਰਮਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਅਗਵਾਈ ਹੇਠ ਕੋਵਿਡ-19 ਮਹਾਂਮਾਰੀ ਦੌਰਾਨ ਦੂਸਰੇ ਵਿਭਾਗਾਂ ਦੀ ਤਰ੍ਹਾਂ ਮੋਹਰੀ ਹੋ ਕੇ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਪੀਐਮਜੀਕੇਏਵਾਈ ਸਕੀਮ ਅਧੀਨ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ 15 ਕਿਲੋਂ ਪ੍ਰਤੀ ਜੀਅ ਕਣਕ ਤੇ 3 ਕਿਲੋ ਦਾਲ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ 3 ਮਹੀਨੇ ਲਈ ਮੁਫਤ ਦਿੱਤਾ ਜਾ ਰਿਹਾ ਹੈ। ਇਸ ਸਕੀਮ ਤਹਿਤ ਜਿਲ੍ਹੇ ਦੇ ਕੁੱਲ 138374 ਸਮਾਰਟ ਰਾਸ਼ਨ ਕਾਰਡ ਧਾਰਕਾਂ ਵਿੱਚੋਂ ਅੱਜ ਤੱਕ 85000 ਪਰਿਵਾਰਾਂ ਨੂੰ ਮੁਫਤ ਰਾਸ਼ਨ ਦੀ ਵੰਡ ਕਰ ਦਿੱਤੀ ਗਈ ਹੈ ਤੇ ਬਾਕੀ ਬਚਦੇ 53374 ਪਰਿਵਾਰਾਂ ਨੂੰ ਅਗਲੇ 4-5 ਦਿਨਾਂ 'ਚ ਰਾਸ਼ਨ ਦੀ ਵੰਡ ਕਰ ਦਿੱਤੀ ਜਾਵੇਗੀ। ਲੋੜਵੰਦਾਂ ਤੱਕ ਅਨਾਜ ਦੀ ਪਹੁੰਚ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਮਾਂ ਬਣਾ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਚੈਕਿੰਗ ਦੌਰਾਨ ਉਣਤਾਈਆਂ ਅਤੇ ਖਾਮੀਆਂ ਪਾਏ ਜਾਣ ਤੇ ਜਿਲ੍ਹੇ ਵਿੱਚ ਹੁਣ ਤੱਕ 2 ਡਿਪੂਆਂ ਦੀ ਸਪਲਾਈ ਮੁਅੱਤਲ ਕੀਤੀ ਗਈ ਹੈ। ਪੰਜਾਬ ਸਰਕਾਰ ਵਲੋਂ ਲੋਂੜਵੰਦਾਂ ਅਤੇ ਗਰੀਬ ਪਰਿਵਾਰਾਂ ਲਈ ਵੰਡੀਆਂ ਜਾ ਰਹੀਆਂ ਰਾਸ਼ਨ ਕਿੱਟਾਂ ਤਿਆਰ ਕਰਨ ਲਈ ਵੀ ਵਿਭਾਗੀ ਅਧਿਕਾਰੀ ਅਤੇ ਕਰਮਚਾਰੀ ਦਿਨ ਰਾਤ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ। ਅੱਜ ਤੱਕ ਲੱਗਭਗ 48000 ਰਾਸ਼ਨ ਕਿੱਟਾਂ ਤਿਆਰ ਕਰਕੇ ਜਿਲ੍ਹਾ ਪ੍ਰਸ਼ਾਸ਼ਨ ਦੇ ਰਾਹੀ ਲੋੜਵੰਦਾਂ ਪ੍ਰਵਾਸੀ ਮਜ਼ਦੂਰਾਂ ਤੱਕ ਪੁੱਜਦੀਆਂ ਕਰ ਦਿੱਤੀਆਂ ਗਈਆਂ ਹਨ ਤੇ ਇਹ ਕੰਮ ਜਾਰੀ ਹੈ। ਆਤਮ ਨਿਰਭਰ ਸਕੀਮ ਤਹਿਤ 23410 ਪ੍ਰਵਾਸੀ ਮਜਦੂਰਾਂ ਅਤੇ ਗਰੀਬ ਲੋੜਵੰਦਾਂ ਨੂੰ ਰਾਸ਼ਨ ਮੁਹੱਈਆਂ ਕਰਵਾਉਣ ਸਬੰਧੀ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ, ਜਿਸ ਅਧੀਨ 10 ਕਿਲੋ ਆਟਾ, 1 ਕਿਲੋ ਦਾਲ ਅਤੇ 1 ਕਿਲੋ ਚੀਨੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਵਿਭਾਗ ਅਤੇ ਖਰੀਦ ਏਜੰਸੀਆਂ ਵਲੋਂ ਰਬੀ ਸੀਜ਼ਨ 2020-21 ਦੋਰਾਨ ਐਮਕੇ ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਜਿਲ੍ਹੇ ਵਿੱਚ ਲੱਗਭਗ 9. 22 ਲੱਖ ਮੀਟਿ੍ਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਖਰੀਦ ਏਜੰਸੀਆਂ ਵਲੋਂ ਉਕਤ ਖਰੀਦੀ ਗਈ 9.22 ਲੱਖ ਮੀਟਿ੍ਕ ਟਨ ਕਣਕ ਵਿੱਚੋਂ 9.09 ਲੱਖ ਮੀਟਿ੍ਕ ਟਨ ਕਣਕ ਦੀ ਮੰਡੀਆਂ ਵਿੱਚੋਂ ਲਿਫਟਿੰਗ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਅਦਾਇਗੀ ਕਰਨ ਲਈ ਆੜਤੀਆਂ ਨੂੰ 93% ਪੇਮੈਂਟ ਰਲੀਜ਼ ਕੀਤੀ ਗਈ ਹੈ ਅਤੇ ਬਾਕੀ ਪੇਮੈਂਟ ਕੀਤੀ ਜਾ ਰਹੀ ਹੈ।