ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਭਰ 'ਚੋਂ ਸ਼ੋ੍ਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਆਪੋ-ਆਪਣੇ ਹਲਕਿਆਂ 'ਚੋਂ ਕਣਕ ਇਕੱਤਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਅਤੇ ਹੋਰਨਾਂ ਗੁਰੂ ਘਰਾਂ 'ਚ ਚੱਲ ਰਹੇ ਲੰਗਰਾਂ ਦੀ ਸੇਵਾ ਲਈ ਰਵਾਨਾ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਐਤਵਾਰ ਨੂੰ ਹਲਕਾ ਸ੍ਰੀ ਮੁਕਤਸਰ ਸਾਹਿਬ 'ਚ ਵੀ ਸ਼ੋ੍ਮਣੀ ਅਕਾਲੀ ਦਲ ਦੇ ਵਰਕਰਾਂ ਨੇ 510 ਕੁਇੰਟਲ ਕਣਕ ਇਕੱਤਰ ਕਰਕੇ ਸਥਾਨਕ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਪਹੁੰਚਾਈ। ਇਸ ਮੌਕੇ ਵੱਖੋ-ਵੱਖ ਪਿੰਡਾਂ ਅਤੇ ਸ਼ਹਿਰ ਤੋਂ ਸਥਾਨਕ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਕੋਲ ਪੁੱਜੇ ਸ਼ੋ੍ਮਣੀ ਅਕਾਲੀ ਦਲ ਦੇ ਅਹੁੱਦੇਦਾਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੁਆਰਾ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਲਈ ਸੂਬੇ ਭਰ 'ਚ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 510 ਕੁਇੰਟਲ ਕਣਕ ਲੰਗਰ ਹਾਲ 'ਚ ਪਹੁੰਚ ਗਈ ਹੈ ਤੇ ਕਰੀਬ 50 ਕੁਇੰਟਲ ਕਣਕ ਜੋ ਪਿੰਡਾਂ 'ਚ ਰਹਿ ਗਈ ਹੈ ਜਲਦ ਹੀ ਪਹੰੁਚ ਜਾਣਗੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੁਨੀਆਂ ਭਰ 'ਚ ਅੌਖੇ ਵੇਲਿਆਂ 'ਚ ਲੰਗਰ ਦੀ ਸੇਵਾ ਕਰਨ ਲਈ ਜਾਣੀ ਜਾਂਦੀ ਹੈ। ਉਨ੍ਹਾਂ ਇਸ ਮੌਕੇ ਪੁੱਜੇ ਅਕਾਲੀ ਆਗੂਆਂ ਤੇ ਵਰਕਰਾਂ ਦਾ ਇਸ ਕਾਰਜ ਲਈ ਧੰਨਵਾਦ ਕੀਤਾ। ਇਸ ਮੌਕੇ ਹਲਕਾ ਵਿਧਾਇਕ ਦੇ ਸਿਆਸੀ ਸਕੱਤਰ ਬਿੰਦਰ ਗੋਨਿਆਣਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਬੇਦੀ, ਜੱਥੇਦਾਰ ਹੀਰਾ ਸਿੰਘ ਚੜੇ੍ਹਵਾਨ, ਕੋਆਰਡੀਨੇਟਰ ਜਗਵੰਤ ਸਿੰਘ ਲੰਬੀ, ਸਰਕਲ ਪ੍ਰਧਾਨ ਰੂਪ ਸਿੰਘ ਰਾਜ, ਸ਼ਮਿੰਦਰ ਸਿੰਘ ਗੋਗੀ ਅਕਾਲਗੜ੍ਹ ਸਰਕਲ ਪ੍ਰਧਾਨ, ਸਰਕਲ ਪ੍ਰਧਾਨ ਜਗਜੀਤ ਸਿੰਘ, ਸਰਕਲ ਪ੍ਰਧਾਨ ਰਾਮ ਸਿੰਘ ਪੱਪੀ, ਸਰਕਲ ਪ੍ਰਧਾਨ ਲੱਕੀ ਕਟਾਰੀਆ, ਅਮਿ੍ੰਤਪਾਲ ਸਿੰਘ ਜੰਡੋਕੇ, ਗੁਰਦੀਪ ਸਿੰਘ ਮੜਮੱਲੂ, ਜਗਤਾਰ ਸਿੰਘ ਪੱਪੀ, ਗੁਰਲਾਲ ਸਿੰਘ ਭੁੱਲਰ, ਕਸ਼ਮੀਰ ਸਿੰਘ ਪ੍ਰਧਾਨ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਮੇਰ ਸਿੰਘ, ਐਡੀਸ਼ਨਲ ਮੈਨੈਜਰ ਬਲਦੇਵ ਸਿੰਘ ਤੋਂ ਇਲਾਵਾ ਅਕਾਲੀ ਦਲ ਹੋਰ ਵਰਕਰ ਹਾਜ਼ਰ ਸਨ।