ਜਤਿੰਦਰ ਸਿੰਘ ਭੰਵਰਾ/ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਵਾਇਰਸ ਤੋਂ ਬਚਾਅ ਲਈ ਭਾਵੇਂ ਸਰਕਾਰ ਵੱਲੋਂ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਦਫ਼ਤਰਾਂ 'ਚ ਤੇ ਹੋਰ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ 'ਚ ਕੰਮ ਕਰਦੇ ਸਮੇਂ ਮਾਸਕ ਪਾ ਕੇ ਰੱਖੇ ਜਾਣ ਤੇ ਆਪਸੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਉੱਥੇ ਆਉਣ ਜਾਣ ਵਾਲੇ ਲੋਕਾਂ ਦੇ ਹੱਥ ਸੈਨੇਟਾਈਜ਼ ਕੀਤੇ ਜਾਣ, ਲੋਕਾਂ ਨੂੰ ਮਾਸਕ ਪਹਿਨਣ ਲਈ ਕਿਹਾ ਜਾਵੇ ਤਾਂ ਜੋਂ ਕੋਰੋਨਾ ਵਾਇਰਸ ਤੋਂ ਬਚਾਅ ਰੱਖਿਆ ਜਾ ਸਕੇ ਪਰ ਪਿੰਡਾਂ 'ਚ ਡਿੱਪੂ ਹੋਲਡਰਾਂ ਵੱਲੋਂ ਸਰਕਾਰ ਦੇ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਡਿੱਪੂ ਹੋਲਡਰਾਂ ਵੱਲੋਂ ਲੋਕਾਂ ਦਾ ਇਕੱਠ ਕਰਕੇ ਕਣਕ ਵੰਡੀ ਜਾ ਰਹੀ ਹੈ। ਜਿਆਦਾਤਰ ਡਿੱਪੂ ਹੋਲਡਰ ਖੁਦ ਵੀ ਮਾਸਕ ਨਹੀਂ ਪਹਿਨਦੇ ਅਤੇ ਨਾ ਹੀ ਉੱਥੇ ਸੈਨੇਟਾਈਜ਼ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਕਾਰਨ ਕੋਰੋਨਾ ਮਹਾਂਮਾਰੀ ਦੇ ਫੈਲਾਅ ਦਾ ਡਰ ਹੈ। ਅਜਿਹਾ ਹੀ ਮਾਮਲਾ ਇੱਥੋਂ ਨੇੜਲੇ ਪਿੰਡ ਚੱਕ ਦੂਹੇਵਾਲਾ 'ਚ ਦੇਖਣ 'ਚ ਆਇਆ ਹੈ ਜਿੱਥੇ ਡਿੱਪੂ ਹੋਲਡਰ ਵੱਲੋਂ ਪ੍ਰਸ਼ਾਸਨ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਡਿੱਪੂ ਹੋਲਡਰ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਭੁਲਾ ਕੇ ਨਿਯਮਾਂ ਨੂੰ ਿਛੱਕੇ ਟੰਗ ਕੇ ਅਣਗਹਿਲੀ ਨਾਲ ਲੋਕਾਂ 'ਚ ਰਾਸ਼ਨ ਵੰਡਿਆ ਜਾ ਰਿਹਾ ਹੈ। ਡਿਪੂ ਹੋਲਡਰ ਵੱਲੋਂ ਨਾ ਤਾਂ ਸੋਸ਼ਲ ਡਿਸਟੈਂਸ ਰੱਖਿਆ ਗਿਆ ਤੇ ਨਾ ਹੀ ਲੋਕਾਂ ਨੂੰ ਮਾਸਕ ਤੇ ਸੈਨੇਟਾਈਜ਼ ਵਰਤਣ ਲਈ ਕਿਹਾ ਗਿਆ, ਜਿਸ ਕਾਰਨ ਲੋਕ ਇੱਕ ਦੂਜੇ ਉਪਰ ਉਲਟ ਕੇ ਰਾਸ਼ਨ ਲੈਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਦੇਖੇ ਗਏ। ਡਿੱਪੂ ਹੋਲਡਰ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਮਹਿੰਗੀ ਪੈ ਸਕਦੀ ਹੈ।

ਕੀ ਕਹਿਣਾ ਡਿੱਪੂ ਹੋਲਡਰ ਦਾ

ਓਧਰ ਜਦ ਇਸ ਸਬੰਧੀ ਡਿੱਪੂ ਹੋਲਡਰ ਬਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਹੁਣ ਤੁਸੀ ਦੱਸ ਦਿੱਤਾ ਤਾਂ ਮੈਂ ਲੋਕਾਂ 'ਚ ਸੋਸ਼ਲ ਡਿਸਟੈਂਸ ਕਰਵਾਅ ਦਿੰਦਾ ਹਾਂ।

ਕੀ ਕਹਿਣਾ ਡੀਐਫਐਸਸੀ ਦਾ

ਓਧਰ ਜਦ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਫ਼ਸਰ ਦੀਵਾਨ ਚੰਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇੰਸਪੈਕਟਰ ਨੂੰ ਭੇਜ ਕੇ ਇਸ ਮਾਮਲੇ ਦੀ ਜਾਂਚ ਕਰਵਾਉਂਦੇ ਹਨ।