ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਲਈ ਵਿਕ੍ਰੇਤਾਵਾਂ ਨੂੰ ਆਰਜੀ ਲਾਇਸੈਂਸ ਜਾਰੀ ਕਰਨ ਲਈ ਡ੍ਰਾਅ ਕੱਢੇ ਗਏ। ਇਹ ਡ੍ਰਾਅ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਦੀ ਹਾਜ਼ਰੀ 'ਚ ਕੱਢੇ ਗਏ। ਇਸ ਮੌਕੇ ਅਰਜੀਦਾਤਾ ਵੀ ਖੁਦ ਹਾਜ਼ਰ ਸਨ ਜਿੰਨ੍ਹਾਂ ਦੇ ਸਾਹਮਣੇੇ ਆਰਜੀ ਲਾਇਸੈਂਸ ਜਾਰੀ ਕਰਨ ਲਈ ਇਹ ਡ੍ਰਾਅ ਨਿਕਲੇ। ਇਸ ਮੌਕੇ ਏਡੀਸੀ ਜਨਰਲ ਡਾ. ਰਿਚਾ, ਐਸਡੀਐਮ ਵੀਰਪਾਲ ਕੌਰ ਵੀ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਉਪਮੰਡਲ ਵਿਚ ਕੁਲ 7 ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਜਦ ਕਿ ਮਲੋਟ ਉੁਪਮੰਡਲ ਵਿਚ 4 ਅਤੇ ਗਿੱਦੜਬਾਹਾ ਉਪਮੰਡਲ ਵਿਚ 2 ਥਾਵਾਂ ਨਿਰਧਾਰਿਤ ਕੀਤੀਆਂ ਗਈਆ ਹਨ। ਇਸ ਲਈ ਜ਼ਿਲ੍ਹੇ ਵਿਚ ਕੁਲ 232 ਅਰਜੀਆਂ ਪ੍ਰਰਾਪਤ ਹੋਈਆਂ ਸਨ ਅਤੇ ਕੁਲ 32 ਵਿਕ੍ਰੇਤਾਵਾਂ ਦੀ ਡ੍ਰਾਅ ਰਾਹੀਂ ਚੋਣ ਕਰਕੇ ਆਰਜ਼ੀ ਲਾਇਸੈਂਸ ਜਾਰੀ ਹੋਏ। ਇਹ ਆਰਜੀ ਲਾਇਸੈਂਸ ਧਾਰਕ ਕੇਵਲ ਨਿਰਧਾਰਿਤ ਥਾਵਾਂ 'ਤੇ, ਤੈਅ ਸ਼ਰਤਾਂ ਅਤੇ ਨਿਯਮਾਂ ਅਨੁਸਾਰ ਅਤੇ ਨਿਰਧਾਰਿਤ ਸਮੇਂ ਵਿਚ ਹੀ ਪਟਾਕਿਆਂ ਦੀ ਵਿਕਰੀ ਕਰ ਸਕਣਗੇ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਅਨੁਸਾਰ ਜੇਕਰ ਨਿਰਧਾਰਿਤ ਥਾਵਾਂ ਤੋਂ ਬਿਨਾਂ ਅਤੇ ਆਰਜੀ ਲਾਇਸੈਂਸ ਧਾਰਕ ਤੋਂ ਬਿਨਾਂ ਕਿਤੇ ਕੋਈ ਪਟਾਕੇ ਵੇਚਦਾ ਹੈ ਤਾਂ ਇਸਦੀ ਸਾਰੀ ਜ਼ਿੰਮੇਵਾਰੀ ਸਬੰਧਤ ਖੇਤਰ ਦੇ ਥਾਣਾ ਮੁਖੀ ਦੀ ਹੋਵੇਗੀ।