ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਦੇ 'ਘਰ ਘਰ ਰੁਜ਼ਗਾਰ' ਮਿਸ਼ਨ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ/ਸਵੈ ਰੁਜ਼ਗਾਰ ਮੁਹੱਈਆ ਕਰਾਉਣ ਦੇ ਉਦੇਸ਼ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਮੈਗਾ ਰੁਜ਼ਗਾਰ ਮੇਲੇ ਲਾਉਣ ਲਈ ਤਿਆਰ ਬਰ ਤਿਆਰ ਹੈ। ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਆਉਂਦੇ ਦਿਨੀਂ ਚਾਰ ਮੈਗਾ ਰੁਜ਼ਗਾਰ ਤੇ ਸਵੈ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਮੈਗਾ ਰੁਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਪਹਿਲਾ ਮੈਗਾ ਰੁਜ਼ਗਾਰ ਮੇਲਾ 20 ਸਤੰਬਰ ਨੂੰ ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਡਰਾਈਵਿੰਗ ਸਕਿੱਲ, ਮਾਹੂਆਣਾ (ਮਲੋਟ) ਵਿਖੇ ਲਾਇਆ ਜਾ ਰਿਹਾ ਹੈ। ਇਸ ਤੋਂ ਬਾਅਦ 24 ਸਤੰਬਰ ਨੂੰ ਗੁਰੂ ਤੇਗ ਬਹਾਦਰ ਖਾਲਸਾ ਇੰਜਨੀਅਰਿੰਗ ਕਾਲਜ, ਛਾਪਿਆਂਵਾਲੀ, 27 ਸਤੰਬਰ ਨੂੰ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਤੇ 30 ਨੂੰ ਮਾਤਾ ਮਿਸ਼ਰੀ ਦੇਵੀ, ਡੀਏਵੀ ਕਾਲਜ ਗਿੱਦੜਬਾਹਾ ਵਿਖੇ ਮੈਗਾ ਰੋਜ਼ਗਾਰ ਮੇਲਾ ਲਾਇਆ ਜਾ ਰਿਹਾ ਹੈ। ਪਲੇਸਮੈਂਟ ਅਫਸਰ ਦਲਜੀਤ ਸਿੰਘ ਨੇ ਦੱਸਿਆ ਕਿ ਮੈਗਾ ਰੋਜ਼ਗਾਰ ਮੇਲਿਆਂ 'ਚ 8ਵੀਂ, 10ਵੀਂ, 12ਵੀਂ, ਕੰਪਿਊਟਰ, ਆਈਟੀਆਈ, ਡਿਪਲੋਮਾ, ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵਿਦਿਅਕ ਯੋਗਤਾ ਵਾਲੇ ਉਮੀਦਵਾਰ ਢੁਕਵੀਆਂ ਅਸਾਮੀਆਂ ਲਈ ਅਪਲਾਈ ਕਰ ਸਕਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਮੈਗਾ ਰੋਜ਼ਗਾਰ ਮੇਲਿਆਂ 'ਚ 100 ਤੋਂ ਵੱਧ ਕੰਪਨੀਆਂ/ਅਦਾਰੇ ਹਿੱਸਾ ਲੈ ਰਹੇ ਹਨ ਜੋ ਨੌਜਵਾਨਾਂ ਦੀ ਨੌਕਰੀ ਲਈ ਚੋਣ ਕਰਨਗੇ। ਇਸ ਤੋਂ ਇਲਾਵਾ ਇਨ੍ਹਾਂ ਮੇਲਿਆਂ 'ਚ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਚਾਹਵਾਨ ਉਮੀਦਵਾਰਾਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਲੋਨ ਸਕੀਮਾਂ ਤਹਿਤ ਲੋਨ ਲਈ ਵੀ ਅਪਲਾਈ ਕਰਵਾਇਆ ਜਾਵੇਗਾ।