ਰਾਜਾ ਵੜਿੰਗ ਕਾਰਨ ਕਾਂਗਰਸ ’ਚ ਕਲੇਸ਼ ਵਧਿਆ : ਕਰਨ ਕੌਰ ਬਰਾੜ ਰਾਜਾ ਵੜਿੰਗ ਕਰਕੇ ਕਾਂਗਰਸ ਪਾਰਟੀ ’ਚ ਕਲੇਸ਼ ਵਧਿਆ : ਕਰਨ ਕੌਰ ਬਰਾੜ
Publish Date: Wed, 08 Jul 2026 06:21 PM (IST)
Updated Date: Wed, 08 Jul 2026 06:24 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਕਾਂਗਰਸ ’ਚ ਚੱਲ ਰਹੀ ਬਗਾਵਤ ਲਗਾਤਾਰ ਵਧਦੀ ਜਾ ਰਹੀ ਹੈ। ਪਾਰਟੀ ਦੇ ਅੰਦਰੂਨੀ ਅਸੰਤੋਸ਼ ਦਾ ਨਵਾਂ ਚਿਹਰਾ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਦੇ ਰੂਪ ’ਚ ਸਾਹਮਣੇ ਆਇਆ ਹੈ। ਸਾਬਕਾ ਮੁੱਖ ਮੰਤਰੀ ਸਵ. ਹਰਚਰਨ ਸਿੰਘ ਬਰਾੜ ਦੀ ਨੂੰਹ ਅਤੇ ਮੁਕਤਸਰ ਤੋਂ ਸਾਬਕਾ ਵਿਧਾਇਕ ਕਰਨ ਕੌਰ ਨੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬਰਾੜ ਨੇ ਸਿੱਧੇ ਤੌਰ ’ਤੇ ਕਿਹਾ ਕਿ ਰਾਜਾ ਵੜਿੰਗ ਦੀ ਅਗਵਾਈ ’ਚ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਬਿਖਰ ਗਈ ਹੈ। ਰਾਜਾ ਵੜਿੰਗ ਦੇ ਕਾਰਨ ਪੰਜਾਬ ਕਾਂਗਰਸ ’ਚ ਪੂਰੀ ਤਰ੍ਹਾਂ ਕਲੇਸ਼ ਪੈ ਗਿਆ ਹੈ ਅਤੇ ਪਾਰਟੀ ਧੜਿਆਂ ’ਚ ਵੰਡੀ ਗਈ ਹੈ। ਜੇਕਰ ਮੈਂ ਉਨ੍ਹਾਂ ਦੀ ਜਗ੍ਹਾ ਹੁੰਦੀ ਤਾਂ ਇਨ੍ਹਾਂ ਹਾਲਾਤਾਂ ’ਚ ਅਹੁਦੇ ਤੋਂ ਅਸਤੀਫ਼ਾ ਦੇ ਦਿੰਦੀ, ਕਿਉਂਕਿ ਪਾਰਟੀ ਤੋਂ ਉੱਪਰ ਕੁਝ ਨਹੀਂ ਹੈ। ਉਨ੍ਹਾਂ ਨੇ ਚੋਣ ਪ੍ਰਦਰਸ਼ਨ ਨੂੰ ਵੀ ਮੁੱਦਾ ਬਣਾਇਆ। ਕਰਨ ਕੌਰ ਨੇ ਕਿਹਾ ਕਿ ਰਾਜਾ ਵੜਿੰਗ ਆਪਣੇ ਹਲਕੇ ਗਿੱਦੜਬਾਹਾ ਤੋਂ ਵਿਧਾਨ ਸਭਾ ਉਪ-ਚੋਣ ਨਹੀਂ ਜਿੱਤ ਸਕੇ। ਨਗਰ ਕੌਂਸਲ, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ ’ਚ ਵੀ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਕਰਨ ਕੌਰ ਬਰਾੜ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਦਾ ਸਭ ਤੋਂ ਮਜ਼ਬੂਤ ਚਿਹਰਾ ਦੱਸਿਆ। ਕਰਨ ਕੌਰ ਨੇ ਨਿੱਜੀ ਨਾਰਾਜ਼ਗੀ ਜ਼ਾਹਰ ਕਰਦਿਆਂ ਆਖਿਆ ਕਿ ਰਾਜਾ ਵੜਿੰਗ ਉਨ੍ਹਾਂ ਦੇ ਹੀ ਜ਼ਿਲ੍ਹੇ ਮੁਕਤਸਰ ਤੋਂ ਹਨ, ਪਰ ਅੱਜ ਤੱਕ ਉਨ੍ਹਾਂ ਨੇ ਕਦੇ ਮੈਨੂੰ ਨਹੀਂ ਬੁਲਾਇਆ। ਜੇਕਰ ਕਿਤੇ ਮਿਲਦੇ ਹਨ ਅਤੇ ਮੈਂ ਸਤਿ ਸ੍ਰੀ ਅਕਾਲ ਬੋਲਦੀ ਹਾਂ, ਤਾਂ ਉਹ ਸਿਰਫ਼ ਗਰਦਨ ਹਿਲਾ ਦਿੰਦੇ ਹਨ। ਕਰਨ ਕੌਰ ਨੇ ਦਾਅਵਾ ਕਰਦਿਆਂ ਕਿਹਾ ਕਿ ਰਾਜਾ ਵੜਿੰਗ ਉਨ੍ਹਾਂ ਤੋਂ ਉਨ੍ਹਾਂ ਦਾ ਹਲਕਾ ਮੰਗ ਰਹੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਉਹ ਮੁਕਤਸਰ ਛੱਡ ਕੇ ਕਿਤੇ ਨਹੀਂ ਜਾਣਗੇ। ਜੇਕਰ ਪਾਰਟੀ ਟਿਕਟ ਦੇਵੇਗੀ ਤਾਂ ਉਹ ਇੱਥੋਂ ਹੀ ਚੋਣ ਲੜਨਗੇ। ਕਰਨ ਕੌਰ ਨੇ ਕਾਂਗਰਸ ਅੰਦਰ ਕਲੇਸ਼ ਪਿੱਛੇ ਆਪ ਦੀ ਸਾਜ਼ਿਸ਼ ਦਾ ਵੀ ਸ਼ੱਕ ਪ੍ਰਗਟਾਇਆ।