ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ :ਭਾਰਤੀ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਤੋਂ ਬਾਅਦ 15 ਜਨਵਰੀ ਤਕ ਸੂਬੇ ਅੰਦਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਚੋਣ ਪ੍ਰਚਾਰ 'ਤੇ ਪਾਬੰਦੀ ਲਗਾਈ ਗਈ ਹੈ। ਇਸਦੇ ਨਾਲ ਹੀ ਸ਼ਹਿਰ 'ਚ ਲੱਗੇ ਇਸ਼ਤਿਹਾਰੀ ਬੋਰਡਾਂ ਨੂੰ ਹਟਾਉਣ ਸਬੰਧੀ ਜ਼ਿਲ੍ਹਾ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ। ਪਰ ਜ਼ਿਲ੍ਹਾ ਬਰਨਾਲਾ 'ਚ ਕਈ ਥਾਵਾਂ 'ਤੇ ਲੱਗੇ ਇਸ਼ਤਿਹਾਰੀ ਬੋਰਡ ਅਜੇ ਵੀ ਜਿਉਂ ਦੇ ਤਿਉਂ ਦਿਖਾਈ ਦੇ ਰਹੇ ਹਨ, ਜਿਸ ਨਾਲ ਚੋਣ ਕਮਿਸ਼ਨ ਦੇ ਆਦੇਸ਼ਾਂ ਦੀ ਉਲੰਘਣਾ ਹੋ ਰਹੀ ਹੈ।

- ਚੋਣ ਕਮਿਸ਼ਨ ਦੇ ਆਦੇਸ਼ਾਂ ਦੀ ਹੋ ਰਹੀ ਹੈ ਉਲੰਘਣਾ

ਸੂਬੇ ਅੰਦਰ 15 ਜਨਵਰੀ ਤਕ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰੋਡ ਸ਼ੋਅ, ਬਾਈਕ ਰੈਲੀਆਂ, ਜਲੂਸ ਤੇ ਪੈਦਲ ਯਾਤਰਾ ਆਦਿ ਸਬੰਧੀ ਪਾਬੰਦੀਆਂ ਲਾਈਆਂ ਗਈਆਂ ਸਨ। ਸਿਆਸੀ ਪਾਰਟੀਆਂ ਵਲੋਂ ਆਪਣੇ ਪ੍ਰਚਾਰ ਲਈ ਲਾਏ ਗਏ ਇਸ਼ਤਿਹਾਰੀ ਬੋਰਡਾਂ ਨੂੰ ਆਪਣੇ-ਆਪਣੇ ਇਲਾਕਿਆਂ ਅੰਦਰ ਹਟਾਏ ਜਾਣ ਸਬੰਧੀ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ, ਪਰ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਈ ਥਾਈਂ ਸਿਆਸੀ ਆਗੂਆਂ ਵਲੋਂ ਆਪਣੀ ਪਾਰਟੀ ਦੇ ਪ੍ਰਚਾਰ ਲਈ ਲਗਾਏ ਫਲੈਕਸ ਬੋਰਡ ਅਜੇ ਵੀ ਆਮ ਦੇਖੇ ਜਾ ਸਕਦੇ ਹਨ, ਪਰ ਚੋਣ ਕਮਿਸ਼ਨ ਦੇ ਆਦੇਸ਼ਾਂ ਦੇ ਬਾਵਜੂਦ ਵੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਨਾਂ੍ਹ ਸਿਆਸੀ ਬੋਰਡਾਂ ਨੂੰ ਉਤਾਰਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਭਾਵੇਂ ਕੁੱਝ ਥਾਵਾਂ 'ਤੇ ਇਨ੍ਹਾਂ ਫਲੈਕਸ ਬੋਰਡਾਂ ਨੂੰ ਉਤਰਵਾ ਦਿੱਤਾ ਗਿਆ ਹੈ, ਪਰ ਕਈ ਥਾਈਂ ਇਹ ਬੋਰਡ ਨਜ਼ਰ ਆ ਰਹੇ ਹਨ।

-ਈ ਰਿਕਸ਼ਾ ਰਾਹੀਂ ਅਜੇ ਵੀ ਹੋ ਰਿਹਾ ਪ੍ਰਚਾਰ

ਸ਼ਹਿਰ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਈ-ਰਿਕਸ਼ਾ ਰਾਹੀਂ ਆਪਣੇ ਪ੍ਰਚਾਰ ਲਈ ਇਸ਼ਤਿਹਾਰੀ ਬੋਰਡ ਲਾਏ ਗਏ ਸਨ, ਭਾਵੇਂ ਚੋਣ ਜ਼ਾਬਤਾ ਲੱਗਣ ਦੇ ਬਾਅਦ ਕਈ ਸਿਆਸੀ ਆਗੂਆਂ ਵੱਲੋਂ ਆਪਣਾ ਇਸ਼ਤਿਹਾਰੀ ਬੋਰਡ ਇਨ੍ਹਾਂ ਈ-ਰਿਕਸ਼ਾ ਤੋਂ ਉਤਰਵਾ ਦਿੱਤੇ ਹਨ ਪਰ ਅਜੇ ਵੀ ਸ਼ਹਿਰ ਅੰਦਰ ਸਿਆਸੀ ਪਾਰਟੀ ਦੇ ਆਗੂਆਂ ਵੱਲੋਂ ਲਾਏ ਗਏ ਬੋਰਡ ਨਜ਼ਰ ਆ ਰਹੇ ਹਨ, ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰ ਰਹੇ ਹਨ।

- ਉੱਡਣ ਦਸਤਿਆਂ ਦੀਆਂ ਟੀਮਾਂ ਉਤਾਰ ਰਹੀਆਂ ਨੇ ਬੋਰਡ : ਈਓ ਮੋਹਿਤ ਸ਼ਰਮਾ

ਜਦ ਇਸ ਸਬੰਧੀ ਨਗਰ ਕੌਂਸਲ ਬਰਨਾਲਾ ਦੇ ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ ਕਿ ਐੱਸਡੀਐੱਮ ਬਰਨਾਲਾ ਵਰਜੀਤ ਸਿੰਘ ਵਾਲੀਆ ਆਈਏਐੱਸ ਦੇ ਦਿਸ਼ਾ ਨਿਰਦੇਸ਼ ਹੇਠ ਬਣਾਏ ਗਏ ਉੱਡਣ ਦਸਤਿਆਂ ਦੀਆਂ ਟੀਮਾਂ ਇਸ਼ਤਿਹਾਰੀ ਬੋਰਡਾਂ ਨੂੰ ਉਤਾਰਨ ਦਾ ਕੰਮ ਕਰ ਰਹੀਆਂ ਹਨ। ਜੋ ਓਵਰਬਿ੍ਜ਼ ਜਾਂ ਸ਼ਹਿਰ 'ਚ ਲੱਗੇ ਖੰਭਿਆਂ 'ਤੇ ਬੋਰਡ ਲਾਏ ਗਏ ਸਨ, ਉਹ ਉਤਾਰ ਦਿੱਤੇ ਗਏ ਹਨ। ਜਿਨ੍ਹਾਂ ਘਰਾਂ ਦੀਆਂ ਛੱਤਾਂ 'ਤੇ ਇਸ਼ਤਿਹਾਰੀ ਬੋਰਡ ਲੱਗੇ ਹੋਏ ਹਨ, ਉਨਾਂ੍ਹ ਘਰ ਵਾਲਿਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਜੇਕਰ ਉਹ ਘਰ ਵਾਲੇ ਖ਼ੁਦ ਬੋਰਡ ਨਹੀਂ ਉਤਾਰਦੇ ਤਾਂ ਉਹ ਬੋਰਡ ਵੀ ਨਗਰ ਕੌਂਸਲ ਦੀਆਂ ਟੀਮਾਂ ਉਤਾਰ ਦੇਣਗੀਆਂ। ਜੋ ਈ-ਰਿਕਸ਼ਿਆਂ 'ਤੇ ਬੋਰਡ ਲੱਗੇ ਹਨ, ਉਨਾਂ੍ਹ ਨੂੰ ਟ੍ਰੈਿਫ਼ਕ ਪੁਲਿਸ ਉਤਾਰੇਗੀ।

- ਉੱਡਣ ਦਸਤਿਆਂ ਦੀਆਂ 6 ਟੀਮਾਂ ਰਵਾਨਾ, ਸਿਆਸੀ ਆਗੂਆਂ ਨੂੰ ਕੱਢੇ ਗਏ ਨੋਟਿਸ : ਐੱਸਡੀਐੱਮ

ਜ਼ਿਲ੍ਹਾ ਬਰਨਾਲਾ ਦੇ ਵਧੀਕ ਜ਼ਿਲ੍ਹਾ ਚੋਣ ਅਫਸਰ ਆਈਏਐੱਸ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਚੋਣ ਜ਼ਾਬਤੇ ਦੀ ਉਲੰਘਣਾ ਰੋਕਣ ਲਈ ਉੱਡਣ ਦਸਤਿਆਂ ਦੀਆਂ 6 ਟੀਮਾਂ ਨਿਯੁਕਤ ਕਰ ਦਿੱਤੀਆਂ ਹਨ, ਜਿਨਾਂ੍ਹ 'ਚ ਇਕ ਅਧਿਕਾਰੀ, ਇਕ ਫੋਟੋਗ੍ਰਾਫ਼ਰ, ਦੋ ਪੁਲਿਸ ਮੁਲਾਜ਼ਮ ਤੇ ਇਕ ਗੱਡੀ ਚਾਲਕ ਹੋਵੇਗਾ। ਗੱਡੀ ਦੇ ਉੱਪਰ ਕੈਮਰੇ ਤੇ ਜੀਪੀਐੱਸ ਲੱਗਿਆ ਹੋਵੇਗਾ। ਕਮਰਸ਼ੀਅਲ ਵਾਹਨਾਂ 'ਤੇ ਲੱਗੇ ਇਸ਼ਤਿਹਾਰੀ ਬੋਰਡਾਂ 'ਤੇ ਉਨ੍ਹਾਂ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਜਿਸ ਗੱਡੀ 'ਤੇ ਵੀ ਇਸ਼ਤਿਹਾਰੀ ਬੋਰਡ ਲੱਗਾ ਹੋਵੇਗਾ, ਉਸ ਗੱਡੀ ਨੂੰ ਬੰਦ ਕਰ ਦਿੱਤਾ ਜਾਵੇਗਾ। ਬਾਕੀ ਖੇਤਾਂ 'ਚ ਲੱਗੇ ਨਿੱਜੀ ਯੂਨੀਪੋਲ ਤੇ ਘਰੇਲੂ ਇਮਾਰਤਾਂ ਦੀਆਂ ਛੱਤਾਂ 'ਤੇ ਲੱਗੇ ਇਸ਼ਤਿਹਾਰੀ ਬੋਰਡਾਂ ਸਬੰਧੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਨੋਟਿਸ ਕੱਢ ਦਿੱਤੇ ਹਨ, ਜਿਨ੍ਹਾਂ 'ਤੇ ਤਿੰਨ ਦਿਨਾਂ ਬਾਅਦ ਕਾਰਵਾਈ ਆਰੰਭ ਦਿੱਤੀ ਜਾਵੇਗੀ।