ਹਰਪ੍ਰੀਤ ਸਿੰਘ ਚਾਨਾ, ਕੋਟਕਪੂਰਾ : ਬੇਅਦਬੀ ਕਾਂਡ ਦੇ ਮਾਮਲਿਆਂ ਦੀ ਜਾਂਚ ਲਈ ਗਠਿਤ ਕੀਤੀ ਗਈ 'ਐੱਸਆਈਟੀ' ਦੇ ਮੁਖੀ ਰਹੇ ਤਤਕਾਲੀਨ ਡੀਆਈਜੀ ਰਣਬੀਰ ਸਿੰਘ ਖੱਟੜਾ ਵੱਲੋਂ ਪਿਛਲੇ ਦਿਨੀਂ ਅਕਾਲ ਤਖਤ ਦੇ ਜਥੇਦਾਰ ਵੱਲੋਂ ਬੁਲਾਈ ਮੀਟਿੰਗ ਦੌਰਾਨ ਰੁਪਿੰਦਰ ਸਿੰਘ ਪੰਜਗਰਾਈਂ ਅਤੇ ਚਮਕੌਰ ਸਿੰਘ ਭਾਈਰੂਪਾ ਖਿਲਾਫ਼ ਕੀਤੀ ਦੂਸ਼ਣਬਾਜੀ ਦਾ ਜਵਾਬ ਦਿੰਦਿਆਂ ਰੁਪਿੰਦਰ ਸਿੰਘ ਪੰਜਗਰਾਈਂ ਨੇ ਦੋਸ਼ ਲਾਇਆ ਕਿ ਰਣਬੀਰ ਸਿੰਘ ਖੱਟੜਾ ਬੇਅਦਬੀ ਕਾਂਡ ਦੀ ਜਾਂਚ ਨੂੰ ਮੌੜਾ ਦੇਣ ਲਈ ਬਾਦਲਾਂ ਦੀ ਬੋਲੀ ਬੋਲ ਰਹੇ ਹਨ।

ਰੁਪਿੰਦਰ ਸਿੰਘ ਨੇ ਚੁਣੌਤੀ ਦਿੱਤੀ ਕਿ ਰਣਬੀਰ ਸਿੰਘ ਖੱਟੜਾ ਮੇਰੇ 'ਤੇ ਲੱਗੇ ਦੋਸ਼ਾਂ ਨੂੰ ਸਿੱਧ ਕਰ ਦੇਣ ਤਾਂ ਮੈਂ ਆਪਣਾ ਸਿਰ ਕਲਮ ਕਰਵਾਉਣ ਲਈ ਤਿਆਰ ਹਾਂ ਨਹੀਂ ਤਾਂ ਸੰਗਤ ਵੱਲੋਂ ਲੱਗੀ ਸਜ਼ਾ ਨੂੰ ਕਬੂਲਣ ਦੀ ਸ਼ਰਤ ਪ੍ਰਵਾਨ ਕਰਨ। ਉਨ੍ਹਾਂ ਆਖਿਆ ਕਿ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿੱਚ ਪੁਲਿਸ ਵੱਲੋਂ ਲਏ ਕਬਜ਼ੇ 'ਚ ਸੀਸੀਟੀਵੀ ਕੈਮਰੇ, ਉਦੋਂ ਤੋਂ ਲੈ ਕੇ ਅੱਜ ਤੱਕ ਲੱਗੇ ਹੋਏ ਹਨ, ਇਕ-ਇਕ ਮਿੰਟ ਦੀ ਫੁਟੇਜ ਪੁਲਿਸ ਕੋਲ ਮੌਜੂਦ ਹੈ, ਰਣਬੀਰ ਸਿੰਘ ਖੱਟੜਾ ਨੇ ਬਤੌਰ ਜਾਂਚ ਅਫ਼ਸਰ ਉਕਤ ਫੁਟੇਜ ਆਪਣੇ ਕਬਜ਼ੇ ਵਿੱਚ ਲਈ ਸੀ, ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਸ੍ਰ ਖੱਟੜਾ ਵੱਲੋਂ ਉਕਤ ਮਾਮਲੇ ਨੂੰ ਗਲਤ ਰੰਗਤ ਦੇਣ ਦੀ ਘਟਨਾ ਕਿਸੇ ਗੰਭੀਰ ਸਾਜ਼ਿਸ਼ ਤੋਂ ਘੱਟ ਨਹੀਂ ਮੰਨੀ ਜਾ ਸਕਦੀ।

ਰੁਪਿੰਦਰ ਸਿੰਘ ਨੇ ਦੱਸਿਆ ਕਿ ਬਲਰਾਜ ਸਿੰਘ ਰੋੜਾਂਵਾਲੀ ਅਤੇ ਬੇਅੰਤ ਸਿੰਘ ਉਕਤ ਅੰਗ ਬੜੇ ਸਤਿਕਾਰ ਨਾਲ ਲੈ ਕੇ ਗਏ ਅਤੇ ਬੜੇ ਸਤਿਕਾਰ ਨਾਲ ਹੀ ਪੁਲਿਸ ਨੇ ਉਨ੍ਹਾਂ ਤੋਂ ਪ੍ਰਾਪਤ ਕੀਤਾ। ਰੁਪਿੰਦਰ ਸਿੰਘ ਮੁਤਾਬਿਕ ਡੇਰਾ ਪ੍ਰੇਮੀਆਂ ਨਾਲੋਂ ਬਾਦਲਾਂ ਦਾ ਗਠਜੋੜ ਟੁੱਟ ਜਾਣ ਕਰਕੇ ਸ੍ਰ ਖੱਟੜਾ ਪੰਥਕ ਵੋਟ ਬੈਂਕ ਬਾਦਲਾਂ ਦੇ ਹੱਕ ਵਿੱਚ ਕਰਨ ਦੀ ਪੈਂਤੜੇਬਾਜੀ ਅਪਣਾਅ ਰਹੇ ਹਨ ਪਰ ਬੇਅਦਬੀ ਕਾਂਡ ਦੇ ਮੁੱਦੇ 'ਤੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।

ਰੁਪਿੰਦਰ ਸਿੰਘ ਨੇ ਦੁਹਰਾਇਆ ਕਿ ਉਹ ਨਾਰਕੋ ਟੈਸਟ ਸਮੇਤ ਹਰ ਤਰ੍ਹਾਂ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਹਮੇਸ਼ਾ ਤਿਆਰ ਰਹੇ ਹਨ, ਜਾਂਚ ਵਿੱਚ ਸ਼ਾਮਲ ਹੁੰਦੇ ਵੀ ਰਹੇ ਹਨ ਅਤੇ ਅੱਜ ਵੀ ਤਿਆਰ ਬਰ ਤਿਆਰ ਹਨ। ਸਿੱਖ ਆਗੂ ਬੇਅੰਤ ਸਿੰਘ ਨੇ ਵੀ ਮੀਡੀਆ ਦੇ ਕੈਮਰਿਆਂ ਸਾਹਮਣੇ ਹੈਰਾਨੀ ਪ੍ਰਗਟਾਈ ਕਿ ਪੁਲਿਸ ਵੱਲੋਂ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮੌਜੂਦਗੀ ਵਿੱਚ ਵਾਪਰੀਆਂ ਘਟਨਾਵਾਂ ਨੂੰ ਗਲਤ ਰੰਗਤ ਦੇਣੀ ਸ਼ਰਮਨਾਕ ਹੈ |

Posted By: Jatinder Singh