'ਹੈਲੋ! ਕੈਬਨਿਟ ਮੰਤਰੀ ਬਲਜੀਤ ਕੌਰ ਦਾ ਘਰਵਾਲਾ ਬੋਲ ਰਿਹਾ ਹਾਂ...', ਦੱਸਕੇ ਮੰਗੇ ਪੈਸੇ; ਮੁਲਜ਼ਮ ਖਿ਼ਲਾਫ਼ ਮਾਮਲਾ ਦਰਜ
ਅਜਵਿੰਦਰ ਸਿੰਘ ਨੇ ਦੱਸਿਆ ਕਿ ਉਹ ਮੰਤਰੀ ਬਲਜੀਤ ਕੌਰ ਦੇ ਘਰਵਾਲੇ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਤੇ ਉਨ੍ਹਾਂ ਦਾ ਨੰਬਰ ਮੇਰੇ ਮੋਬਾਈਲ ’ਚ ਸੇਵ ਹੈ। ਜਦ ਉਸ ਵਿਅਕਤੀ ਨੇ ਮੇਰੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਤਾਂ ਮੈਂ ਫਰਾਡ ਕਾਲ ਸਮਝਕੇ ਉਸਦਾ ਫੋਨ ਕੱਟ ਦਿੱਤਾ। ਫਿਰ ਇੱਕ ਮਿੰਟ ਬਾਅਦ ਉਕਤ ਵਿਅਕਤੀ ਨੇ ਫਿਰ ਤੋਂ ਮੇਰੇ ਭਰਾ ਹਰਮੰਦਰ ਸਿੰਘ ਦੇ ਮੋਬਾਈਲ ’ਤੇ ਫੋਨ ਕਰਕੇ 27 ਹਜ਼ਾਰ ਰੁਪਏ ਦੀ ਮੰਗ ਕੀਤੀ ਮੇਰੇ ਵੱਲੋਂ ਫਿਰ ਤੋਂ ਉਸ ਦਾ ਫੋਨ ਕੱਟ ਦਿੱਤਾ ਗਿਆ।
Publish Date: Tue, 09 Dec 2025 08:58 PM (IST)
Updated Date: Tue, 09 Dec 2025 09:02 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਕੈਬਨਿਟ ਮੰਤਰੀ ਦਾ ਘਰਵਾਲਾ ਬਣਕੇ ਪੈਸਿਆਂ ਦੀ ਮੰਗ ਕਰਨ ਦੇ ਦੋਸ਼ਾਂ ਅਧੀਨ ਥਾਣਾ ਸਿਟੀ ਮਲੋਟ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਮਲੋਟ ਵਾਸੀ ਅਜਵਿੰਦਰ ਸਿੰਘ ਪੁੱਤਰ ਪ੍ਰਿਥੀ ਸਿੰਘ ਵੱਲੋਂ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੂੰ ਕਲਮਬੱਧ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਹ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਹੈ ਤੇ 8 ਦਸੰਬਰ ਨੂੰ ਜਦ ਉਹ ਜੀਟੀ ਰੋਡ ਪੁਲ਼ ਦੇ ਕੋਲ ਆਪਣੇ ਦਫ਼ਤਰ ’ਚ ਬੈਠਾ ਸੀ ਤਾਂ ਸਵੇਰੇ ਕਰੀਬ 11:33 ਵਜੇ ਉਸ ਦੇ ਮੋਬਾਈਲ ’ਤੇ ਇੱਕ ਨਾ ਮਾਲੂਮ ਮੋਬਾਈਲ ਨੰਬਰ ਤੋਂ ਫੋਨ ਕਾਲੀ ਆਈ ਜਿਸ ਨੇ ਕਿਹਾ ਕਿ ਮੈਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਘਰਵਾਲਾ ਬੋਲ ਰਿਹਾ ਹਾਂ ਤੇ ਮੈਨੂੰ ਆਪਣੇ ਬੱਚਿਆਂ ਦੇ ਸਕੂਲ ਦੀ ਫੀਸ ਭਰਨ ਲਈ 27 ਹਜ਼ਾਰ ਰੁਪਏ ਦੀ ਜ਼ਰੂਰਤ ਹੈ।
ਅਜਵਿੰਦਰ ਸਿੰਘ ਨੇ ਦੱਸਿਆ ਕਿ ਉਹ ਮੰਤਰੀ ਬਲਜੀਤ ਕੌਰ ਦੇ ਘਰਵਾਲੇ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਤੇ ਉਨ੍ਹਾਂ ਦਾ ਨੰਬਰ ਮੇਰੇ ਮੋਬਾਈਲ ’ਚ ਸੇਵ ਹੈ। ਜਦ ਉਸ ਵਿਅਕਤੀ ਨੇ ਮੇਰੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਤਾਂ ਮੈਂ ਫਰਾਡ ਕਾਲ ਸਮਝਕੇ ਉਸਦਾ ਫੋਨ ਕੱਟ ਦਿੱਤਾ। ਫਿਰ ਇੱਕ ਮਿੰਟ ਬਾਅਦ ਉਕਤ ਵਿਅਕਤੀ ਨੇ ਫਿਰ ਤੋਂ ਮੇਰੇ ਭਰਾ ਹਰਮੰਦਰ ਸਿੰਘ ਦੇ ਮੋਬਾਈਲ ’ਤੇ ਫੋਨ ਕਰਕੇ 27 ਹਜ਼ਾਰ ਰੁਪਏ ਦੀ ਮੰਗ ਕੀਤੀ ਮੇਰੇ ਵੱਲੋਂ ਫਿਰ ਤੋਂ ਉਸ ਦਾ ਫੋਨ ਕੱਟ ਦਿੱਤਾ ਗਿਆ।
ਅਜਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਜ਼ਬਰਨ ਮੇਰੇ ਤੇ ਮੇਰੇ ਭਰਾ ਕੋਲੋਂ ਪੈਸਿਆਂ ਦੀ ਮੰਗ ਕੀਤੀ ਹੈ। ਪੁਲਿਸ ਨੇ ਅਜਵਿੰਦਰ ਸਿੰਘ ਵੱਲੋਂ ਕਲਮਬੱਧ ਕਰਵਾਏ ਬਿਆਨਾਂ ਦੇ ਅਧਾਰ ’ਤੇ ਦੌਰਾਨੇ ਤਫ਼ਤੀਸ਼ ਤੇ ਜਾਂਚ ਤੋਂ ਬਾਅਦ ਪੈਸਿਆਂ ਦੀ ਮੰਗ ਕਰਨ ਵਾਲੇ ਵਿਅਕਤੀ ਭਲਿੰਦਰਪਾਲ ਸਿੰਘ ਉਰਫ਼ ਜਸਰਾਜ ਸਹਿਗਲ ਵਾਸੀ ਮੋਹਾਲੀ ਨੂੰ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਜਦਕਿ ਮੁਲਜ਼ਮ ਦੀ ਗ੍ਰਿਫਤਾਰੀ ਅਜੇ ਬਾਕੀ ਹੈ।