ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਅਜੋਕੇ ਹਾਲਾਤਾਂ 'ਚ ਸਿਹਤ ਵਿਭਾਗ ਫ਼ਰੰਟ ਲਾਈਨ 'ਤੇ ਕੰਮ ਕਰ ਰਿਹਾ ਹੈ। ਸਿਹਤ ਵਿਭਾਗ ਦੇ ਕਾਮੇ ਮੂਹਰਲੀ ਕਤਾਰ 'ਚ ਖੜ੍ਹ ਕੇ ਆਪਣੀ ਜਾਨ ਜੋਖ਼ਮ 'ਚ ਪਾ ਕੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਸ਼ੱਕੀ ਕੋਰੋਨਾ ਸੰਕ੍ਮਿਤ ਲੋਕਾਂ ਦੀ ਸੈਂਪਲਿੰਗ, ਹੋਮ ਆਈਸੋਲੇਸ਼ਨ ਲਈ ਭੇਜਣਾ, ਹੋਮ ਆਈਸੋਲੇਟ ਹੋਏ ਮਰੀਜ਼ਾਂ ਨੂੰ ਦਵਾਈਆਂ, ਫਤਿਹ ਕਿੱਟ ਤੇ ਉਨ੍ਹਾਂ ਦੀ ਕੌਂਸਲਿੰਗ ਕਰਨੀ,ਪਾਜ਼ੇਟਿਵ ਮਰੀਜ਼ਾਂ ਦੀ ਕਾਂਟਰੈਕਟ ਟਰੈਸਿੰਗ, ਵੈਕਸੀਨੇਸ਼ਨ ਕਰਨੀ, ਲੋਕਾਂ ਨੂੰ ਇਸ ਮਹਾਮਾਰੀ ਬਾਰੇ ਜਾਗਰੂਕ ਕਰਨਾ ਜਾਂ ਕੋਰੋਨਾ ਕਾਰਨ ਹੋਈ ਮੌਤ ਤੇ ਮਿ੍ਤਕਾਂ ਦਾ ਸਸਕਾਰ ਕਰਨਾ ਆਦਿ ਹਰ ਜ਼ਿੰਮੇਵਾਰੀ ਸਿਹਤ ਕਾਮੇ ਬਾਖੂਬੀ ਨਿਭਾ ਰਹੇ ਹਨ।

------------

ਲੋਕਾਂ ਦੀ ਸੇਵਾ ਲਈ ਤਨਦੇਹੀ ਨਾਲ ਕੰਮ ਕਰ ਰਿਹਾ ਫੀਲਡ ਸਟਾਫ : ਡਾ. ਵਰਮਾ

ਡਾ. ਵਰੁਣ ਵਰਮਾ ਨੇ ਕਿਹਾ ਕਿ ਜਿੱਥੇ ਫੀਲਡ ਸਟਾਫ ਮਰੀਜ਼ਾਂ ਅਤੇ ਲੋਕਾਂ ਦੀ ਸੇਵਾ ਲਈ ਤਨਦੇਹੀ ਨਾਲ ਕੰਮ ਕਰ ਰਿਹਾ ਹੈ, ਉੱਥੇ ਹੀ ਜ਼ਿਲ੍ਹਾ ਤੇ ਬਲਾਕ ਲੈਵਲ ਤੇ ਸਿਹਤ ਵਿਭਾਗ ਦਾ ਮਾਸ ਮੀਡਿਆ ਵਿੰਗ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਅਤੇ ਸਟਾਫ 'ਚ ਤਾਲਮੇਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

-----------

ਕੋਵਿਡ ਖਿਲਾਫ਼ ਜੰਗ 'ਚ ਕਰਮਚਾਰੀ ਨਿਭਾਅ ਰਹੇ ਅਹਿਮ ਭੂਮਿਕਾ : ਬੀਈਈ ਮਨਬੀਰ ਸਿੰਘ

ਸੀਐਚਸੀ ਚੱਕ ਸ਼ੇਰੇ ਵਾਲਾ ਬਲਾਕ ਦੇ ਬੀਈਈ ਮਨਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਐਮਕੇ ਅਰਾਵਿੰਦ ਕੁਮਾਰ, ਸਿਵਲ ਸਰਜਨ ਡਾ. ਰੰਜੂ ਸਿੰਗਲਾ ਤੇ ਸੀਐਚਸੀ ਚੱਕ ਸ਼ੇਰੇ ਵਾਲਾ ਦੇ ਇੰਚਾਰਜ ਮੈਡੀਕਲ ਅਫਸਰ ਡਾ. ਵਰੁਣ ਵਰਮਾ ਦੀ ਨਿਗਰਾਨੀ ਤੇ ਅਗਵਾਈ ਹੇਠ ਬਲਾਕ ਦੇ ਸਾਰੇ ਕਰਮਚਾਰੀ ਹੀ ਕੋਵਿਡ ਖਿਲਾਫ ਜੰਗ 'ਚ ਆਪਣੀ ਭੂਮਿਕਾ ਨਿਭਾ ਰਹੇ ਹਨ। ਮਲਟੀਪਰਪਜ਼ ਹੈਲਥ ਵਰਕਰ ਮੇਲ ਤੇ ਫੀਮੇਲ ਅਤੇ ਆਸ਼ਾ ਵਰਕਰਾਂ ਵੱਲੋਂ ਮਰੀਜ਼ਾਂ ਦੀ ਕਾਂਟਰੈਕਟ ਟਰੈਸਿੰਗ ਤੇ ਉਨ੍ਹਾਂ ਨੂੰ ਹੋਮ ਆਈਸੋਲੇਟ ਕਰਨ 'ਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

----------

ਦਿਨ ਰਾਤ ਦੀ ਪ੍ਰਵਾਹ ਕੀਤੇ ਬਿਨਾਂ ਮਰੀਜਾਂ ਦੀ ਸੇਵਾ 'ਚ ਲੱਗ ਜਾਂਦੇ ਨੇ ਸਾਥੀ : ਸੰਦੀਪ ਕੁਮਾਰ

ਹੈੱਲਥ ਵਰਕਰ ਸੰਦੀਪ ਕੁਮਾਰ ਸਬ ਸੈਂਟਰ ਫੱਤਣਵਾਲਾ ਨੇ ਦੱਸਿਆ ਕਿ ਬਲਾਕ ਜਾਂ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਜਦੋਂ ਵੀ ਕਿਸੇ ਵੀ ਮਰੀਜ਼ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਜਾਂ ਸਾਮਾਨ ਦੀ ਸਪਲਾਈ ਲਈ ਕਿਹਾ ਜਾਂਦਾ ਹੈ ਤਾਂ ਸਾਰੇ ਸਾਥੀ ਦਿਨ-ਰਾਤ ਦੀ ਪ੍ਰਵਾਹ ਕੀਤੇ ਬਿਨਾਂ ਮਰੀਜ਼ਾਂ ਦੀ ਸੇਵਾ 'ਚ ਲੱਗ ਜਾਂਦੇ ਹਨ।

-----------

ਸਮਾਂ ਰਹਿੰਦੇ ਟੈਸਟ ਕਰਵਾਉਣ 'ਤੇ ਬਿਮਾਰੀ ਦਾ ਪਤਾ ਲਗਾ ਕੇ ਇਲਾਜ ਕੀਤਾ ਜਾ ਸਕਦਾ : ਬਲਵਿੰਦਰ ਸਿੰਘ

ਹੈਲਥ ਵਰਕਰ ਬਲਵਿੰਦਰ ਸਿੰਘ ਸਬ ਸੈਂਟਰ ਗੁਲਾਬੇਵਾਲਾ ਨੇ ਕਿਹਾ ਕਿ ਮਰੀਜ਼ਾਂ ਲਈ ਫਤਿਹ ਕਿੱਟ ਦੀ ਸਪਲਾਈ 'ਚ ਕੁੱਝ ਸਮਾਂ ਲੱਗ ਜਾਣ ਤੇ ਮਰੀਜ਼ ਵੱਲੋਂ ਸ਼ਿਕਾਇਤ ਕਰ ਦਿੱਤੀ ਜਾਂਦੀ ਹੈ, ਜਦਕਿ ਇਸ 'ਚ ਦੇਰੀ ਪਿੱਛੋਂ ਸਪਲਾਈ ਨਾ ਆਉਣ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਕਾਂਟਰੈਕਟ ਟਰੈਸਿੰਗ ਦੌਰਾਨ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕ ਟੈਸਟ ਕਰਵਾਉਣ ਲਈ ਅੱਗੇ ਨਹੀਂ ਆਉਂਦੇ। ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਟੈਸਟ ਕਰਵਾਉਣ ਤੇ ਹੀ ਸਮੇਂ ਰਹਿੰਦੇ ਇਸ ਮਹਾਮਾਰੀ ਦਾ ਪਤਾ ਲਗਾ ਕੇ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ ਤੇ ਦੂਜੇ ਲੋਕਾਂ ਨੂੰ ਲਾਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ।

----------

ਪਰਿਵਾਰਾਂ ਵੱਲੋਂ ਵੀ ਜੋਸ਼ ਨਾਲ ਕੰਮ ਕਰਨ ਲਈ ਪ੍ਰਰੇਰਿਆ ਜਾ ਰਿਹਾ : ਬਲਵਿੰਦਰ ਕੌਰ

ਏਐਨਐਮ ਬਲਵਿੰਦਰ ਕੌਰ ਤੇ ਹੋਰਨਾਂ ਨੇ ਕਿਹਾ ਕਿ ਬਲਾਕ ਤੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਤਾਂ ਸਾਨੂੰ ਸਹਿਯੋਗ ਮਿਲ ਹੀ ਰਿਹਾ ਹੈ ਪਰ ਸਾਡੇ ਪਰਿਵਾਰਾਂ ਵੱਲੋਂ ਵੀ ਸਾਨੂੰ ਆਪਣੀ ਸੰਭਾਲ ਰੱਖਦੇ ਹੋਏ ਹੋਰ ਜੋਸ਼ ਨਾਲ ਕੰਮ ਕਰਨ ਲਈ ਪ੍ਰਰੇਰਿਆ ਜਾਣਾ ਸਾਡੇ ਹੌਂਸਲੇ ਨੂੰ ਹੋਰ ਵਧਾ ਦਿੰਦਾ ਹੈ।

ਬੀਈਈ ਮਨਬੀਰ ਸਿੰਘ ਨੇ ਕਿਹਾ ਕਿ ਮਾਸ ਮੀਡਿਆ ਵਿੰਗ ਦੁਆਰਾ ਲੋਕਾਂ ਤੱਕ ਇਹ ਸੰਦੇਸ਼ ਵਾਰ-ਵਾਰ ਪਹੁੰਚਾਇਆ ਜਾ ਰਿਹਾ ਹੈ ਕਿ ਲੱਛਣ ਨਜ਼ਰ ਆਉਣ ਤੇ ਟੈਸਟ ਕਰਵਾਇਆ ਜਾਵੇ ਅਤੇ ਟੀਕਾਕਰਨ ਮੁਹਿੰਮ 'ਚ ਸ਼ਾਮਲ ਹੋ ਕੇ ਇਸ ਮਹਾਮਾਰੀ 'ਤੇ ਠੱਲ੍ਹ ਪਾਈ ਜਾਵੇ।