ਅਮਨਦੀਪ ਮਹਿਰਾ, ਮਲੋਟ : ਸਦਰ ਮਲੋਟ ਦੇ ਪਿੰੰਡ ਔਲਖ ਵਿਚ ਗੈਂਗਸਟਰਾਂ ਵੱਲੋਂ ਚਲਾਈਆਂ ਅੰਨ੍ਹੇਵਾਹ ਗੋਲ਼ੀਆਂ ਦਾ ਸ਼ਿਕਾਰ ਹੋਏ ਅਪਰਾਧੀ ਪਿਛੋਕੜ ਵਾਲੇ ਰਣਜੀਤ ਸਿੰਘ ਰਾਣਾ ਦੇ ਕਤਲ ਮਾਮਲੇ 'ਚ ਨਾਮਜਜ਼ਦ ਮੁਲਜ਼ਮਾਂ 'ਚੋਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰ ਸੰਪਤ ਨੇਹਰਾ ਨੂੰ ਬੀਤੀ ਰਾਤ ਪੁਲਿਸ ਨੇ ਪ੍ਰਡੋਕਸ਼ਨ ਵਰੰਟ 'ਤੇ ਲਿਆ ਕਿ ਆਦਲਤ 'ਚ ਪੇਸ਼ ਕੀਤਾ ਹੈ। ਰਾਣਾ ਸਿੱਧੂ ਦੇ ਕਤਲ ਮਾਮਲੇ 'ਚ ਸਦਰ ਮਲੋਟ ਪੁਲਿਸ ਨੇ 172/20 ਅ/ਧ 302 , 25/27/54/59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਸਬੰਧੀ ਸਦਰ ਮਲੋਟ ਦੇ ਮੁੱਖ ਅਫ਼ਸਰ ਮਲਕੀਤ ਸਿੰਘ ਨੇ ਦੱਸਿਆ ਕਿ ਸੰਪਤ ਨੇਹਰਾ ਨੂੰ ਪੁਲਿਸ ਨੇ ਹੁਸ਼ਿਆਰਪੁਰ ਜੇਲ੍ਹ ਤੋਂ ਲਿਆਂਦਾ ਹੈ ਤੇ ਮਲੋਟ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਉਸ ਦਾ ਦੋ ਦਿਨ ਦਾ ਰਿਮਾਂਡ ਦਿੱਤਾ ਹੈ।

ਜ਼ਿਕਰਯੋਗ ਹੈ ਕਿ 22 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਰਣਜੀਤ ਸਿੰਘ ਰਾਣਾ ਸਿੱਧੂ ਦਾ ਅਣਪਛਾਤੇ ਵਿਅਕਤੀਆਂ ਨੇ ਸਦਰ ਮਲੋਟ ਅਧੀਨ ਆਉਂਦੇ ਪਿੰਡ ਔਲਖ ਵਿਖੇ ਉਸ ਵੇਲੇ ਕਤਲ ਕਰ ਦਿੱਤਾ ਸੀ ਜਦੋਂ ਉਹ ਆਪਣੀ ਗਰਭਵਤੀ ਪਤਨੀ ਨਾਲ ਡਾਕਟਰ ਕੋਲ ਚੈੱਕਅਪ ਕਰਾਉਣ ਆਇਆ ਸੀ। ਇਸ ਮੌਕੇ ਹਮਲਵਾਰਾਂ ਨੇ ਉਸ ਦੇ 15 ਗੋਲ਼ੀਆਂ ਮਾਰੀਆਂ ਗਈਆਂ ਸਨ ਤੇ ਕਤਲ ਤੋਂ ਬਾਅਦ ਲਾਰੈਂਸ ਨਜ਼ਦੀਕੀ ਗੁਰਲਾਲ ਸਿੰਘ ਬਰਾੜ ਦੇ ਫੇਸਬੁੱਕ 'ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਪੇਜ ਨਾਲ ਟੈਗ ਕਰਕੇ ਇਕ ਪੋਸਟ ਪਾਈ ਸੀ ਜਿਸ 'ਚ ਲਿਖਿਆ ਸੀ ਕਿ ਰਾਣਾ ਦਾ ਕਤਲ ਗੁਰਲਾਲ ਬਰਾੜ ਨੂੰ ਪਹਿਲੀ ਸ਼ਰਧਾਂਜਲੀ ਹੈ। ਜਿਸ ਤੋਂ ਲੱਗਦਾ ਸੀ ਇਹ ਕਤਲ ਵੀ ਦਵਿੰਦਰ ਬੰਬੀਹਾ ਤੇ ਲਾਰੈਂਸ ਗਰੁੱਪ ਦੀ ਆਪਸੀ ਲਾਗਡਾਟ ਦੀ ਘਟਨਾ ਹੈ। ਇਸ ਸਬੰਧੀ ਪੁਲਿਸ ਨੇ ਜਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਜਾਣਕਾਰੀ ਅਨੁਸਾਰ ਪੁਲਿਸ ਨੇ ਅਜੇ ਤਕ ਇਸ ਮਾਮਲੇ ਵਿਚ ਤਿੰਨ ਮੁੱਖ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਅਗਲੇ ਦਿਨਾਂ 'ਚ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਵੀ ਪੁੱਛਗਿੱਛ ਲਈ ਪ੍ਰੋਡਕਸ਼ਨ ਰਿਮਾਂਡ 'ਤੇ ਲੈ ਕੇ ਆਵੇਗੀ।

Posted By: Amita Verma