ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਜਰਮਨ ਭੇਜਣ ਦਾ ਝਾਂਸਾ ਦੇ ਕੇ ਦੋ ਵਿਅਕਤੀਆਂ ਨੇ ਤਿੰਨ ਨੌਜਵਾਨਾਂ ਨਾਲ 21 ਲੱਖ 70 ਹਜ਼ਾਰ 304 ਰੁਪਏ ਦੀ ਠੱਗੀ ਮਾਰੀ। ਬਠਿੰਡਾ ਜ਼ਿਲ੍ਹੇ ਦੇ ਮੌੜ ਮੰਡੀ ਨਿਵਾਸੀ ਗੁਰਪ੍ਰੀਤ ਸਿੰਘ ਪੁੱਤਰ ਠਾਕੁਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਗੁਰਭੇਜ ਸਿੰਘ, ਭਾਣਜਾ ਮੁਕਲਜੀਤ ਸਿੰਘ ਤੇ ਉਨ੍ਹਾਂ ਦਾ ਦੋਸਤ ਜਗਸੀਰ ਸਿੰਘ ਵਿਦੇਸ਼ ਜਾਣਾ ਚਾਹੁੰਦੇ ਸੀ ਤੇ ਇਸ ਸਬੰਧ 'ਚ ਉਨ੍ਹਾਂ ਦੀ ਪਿੰਡ ਰੁਪਾਣਾ (ਸ੍ਰੀ ਮੁਕਤਸਰ ਸਾਹਿਬ) ਨਿਵਾਸੀ ਮਨਪ੍ਰੀਤ ਸਿੰਘ ਤੇ ਰਾਜਵਿੰਦਰ ਸਿੰਘ ਨਾਲ ਗੱਲਬਾਤ ਹੋਈ ਜਿਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਕਾਫ਼ੀ ਜਾਣ ਪਛਾਣ ਹੈ ਤੇ ਉਹ ਉਨ੍ਹਾਂ ਨੂੰ ਜਰਮਨ ਭੇਜ ਦੇਣਗੇ।

ਉਨ੍ਹਾਂ ਦੋਵਾਂ ਨੇ ਉਸਦੇ ਪੁੱਤਰ, ਭਾਣਜੇ ਤੇ ਉਨ੍ਹਾਂ ਦੇ ਦੋਸਤ ਤੋਂ ਜਰਮਨ ਭੇਜਣ ਦਾ ਝਾਂਸਾ ਦੇ ਕੇ 21,70,304 ਰੁਪਏ ਲੈ ਲਏ ਤੇ ਬਾਅਦ 'ਚ ਨਾ ਤਾਂ ਜਰਮਨ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਵਾਰ-ਵਾਰ ਪੈਸੇ ਮੰਗਣ ਤੇ ਉਹ ਟਾਲ ਮਟੋਲ ਕਰਦੇ ਰਹੇ, ਜਿਸ 'ਤੇ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਉਧਰ ਥਾਣਾ ਸਦਰ ਮੁਕਤਸਰ ਪੁਲਿਸ ਨੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਦੀ ਹਦਾਇਤ 'ਤੇ ਕਰਵਾਈ ਕਰਦਿਆਂ ਪੜਤਾਲ ਉਪਰੰਤ ਮਨਪ੍ਰੀਤ ਸਿੰਘ ਉਰਫ਼ ਅਮਨਾ ਪੁੱਤਰ ਜਰਨੈਲ ਸਿੰਘ ਤੇ ਰਾਜਵਿੰਦਰ ਸਿੰਘ ਉਰਫ਼ ਭੂੰਡੀ ਪੁੱਤਰ ਬਲਜਿੰਦਰ ਸਿੰਘ ਵਾਸੀਆਨ ਪਿੰਡ ਰੁਪਾਣਾ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ਜਦਕਿ ਮੁਲਜ਼ਮਾਂ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ।