ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਵਾਇਰਸ ਦੇ ਚਲਦਿਆਂ ਚੱਲ ਰਹੇ ਕਰਫਿਊ ਦੌਰਾਨ ਲੋੜਵੰਦ ਪਰਿਵਾਰਾਂ ਤੱਕ ਲੰਗਰ ਪਹੁੰਚਾਉਣ ਲਈ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਵੱਲੋਂ ਯਤਨ ਲਗਾਤਾਰ ਜਾਰੀ ਹਨ। ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਰੋਜ਼ਾਨਾ ਲੰਗਰ ਤਿਆਰ ਕਰਕੇ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ ਦੀ ਅਗਵਾਈ 'ਚ ਸਿੱਖ ਵਿਰਸਾ ਕੌਂਸਲ, ਲੋਕ ਇਨਸਾਫ ਪਾਰਟੀ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਅਬੋਹਰ ਰੋਡ, ਅਨਾਜ ਮੰਡੀ, ਬਲਮਗੜ੍ਹ ਰੋਡ, ਰੰਗਬੁੱਲਾ ਕੰਡੇ ਕੋਲ ਜੋਗੀਆਂ ਵਾਲਾ ਮੁਹੱਲਾ, ਡੇਰਾ ਬਾਬਾ ਮੁਨੀ ਰਾਮ ਸ਼ਹਿਰ ਦੀਆਂ ਆਦਿ ਥਾਵਾਂ 'ਤੇ ਰਹਿ ਰਹੇ ਲੋੜਵੰਦ ਪਰਿਵਾਰਾਂ ਨੂੰ ਵਰਤਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕਰਫਿਊ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਲੰਗਰ ਦੀ ਸੇਵਾ ਨਿਰੰਤਰ ਜਾਰੀ ਹੈ। ਇਸ ਮੌਕੇ ਬਾਬਾ ਮਨਜੀਤ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬਾਨ ਦੇ ਦੱਸੇ ਮਾਰਗ ਨਾਮ ਜਪੋ, ਵੰਡ ਛੱਕੋ ਤੇ ਕਿਰਤ ਕਰੋ ਦੇ ਸਿਧਾਂਤ 'ਤੇ ਚਲਦਿਆਂ ਲੋੜਵੰਦ ਪਰਿਵਾਰਾਂ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸਿੱਖ ਵਿਰਸਾ ਕੌਂਸਲ ਦੇ ਜਸਵੀਰ ਸਿੰਘ, ਮਨਿੰਦਰ ਸਿੰਘ ਖਾਲਸਾ, ਸਹਾਇਕ ਗਤਕਾ ਕੋਚ ਹਰਪ੍ਰਰੀਤ ਸਿੰਘ ਹੈਪੀ, ਹਰਜੀਤ ਸਿੰਘ, ਬਿੱਲਾ ਆਦਿ ਤੋਂ ਇਲਾਵਾ ਸੇਵਾਦਾਰ ਹਾਜ਼ਰ ਸਨ।