ਭੰਵਰਾ\ਗਿੱਲ, ਸ੍ਰੀ ਮੁਕਤਸਰ ਸਾਹਿਬ

ਫਿਰੋਜ਼ਪੁਰ ਮੰਡਲ ਰੇਲਵੇ ਮੈਨੇਜਰ ਡਾ. ਸ਼ੀਮਾ ਸ਼ਰਮਾ ਸ਼ੁੱਕਰਵਾਰ ਨੂੰ ਫਾਜ਼ਿਲਕਾ-ਕੋਟਕਪੂਰਾ ਰੇਲ ਸੈਕਸ਼ਨ ਦਾ ਦੌਰਾ ਕਰਨ ਸਮੇਂ ਆਪਣੀ ਟੀਮ ਨਾਲ ਮੁਕਤਸਰ ਰੇਲਵੇ ਸਟੇਸ਼ਨ 'ਤੇ ਪਹੁੰਚੇ। ਡਾ. ਸੀਮਾ ਸ਼ਰਮਾ ਨੂੰ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਰੇਲਵੇ ਸਬੰਧੀ ਆਪਣੀਆਂ ਮੁਸ਼ਕਿਲਾਂ ਦੱਸੀਆਂ। ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਅਤੇ ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ ਨੇ ਮੰਡਲ ਰੇਲਵੇ ਮੈਨੇਜਰ ਨੂੰ ਮੰਗ ਪੱਤਰ ਦਿੱਤਾ। ਜਿਸ ਅਧੀਨ ਉਨਾਂ੍ਹ ਦੱਸਿਆ ਕਿ ਜਲਾਲਾਬਾਦ ਰੋਡ ਦੇ ਫਾਟਕ ਨੰਬਰ ਬੀ : 30 ਅਤੇ ਸੀ 31 ਦੇ ਵਿਚਕਾਰ ਰੇਲਵੇ ਦੀ ਜਗ੍ਹਾ ਦੀ ਚੌੜਾਈ 100 ਫੁੱਟ ਸੀ, ਜਿਸ ਵਿਚੋਂ ਨਗਰ ਕੌਂਸਲ ਮੁਕਤਸਰ ਨੇ ਤੁਲਸੀ ਰਾਮ ਸਟਰੀਟ ਅਤੇ ਤੇਲੀਆਂ ਵਾਲੀ ਗਲੀ ਵਿਚ ਰਾਸਤਾ ਚਾਲੂ ਕਰਨ ਲਈ 662 ਫੁੱਟ ਲੰਬੀ ਅਤੇ 15 ਫੁੱਟ ਚੌੜੀ ਜਗ੍ਹਾ ਰੇਲਵੇ ਤੋਂ ਮੁੱਲ ਲਈ ਸੀ। 15 ਫੁੱਟ ਜਗ੍ਹਾ ਮੁੱਲ ਲੈਣ ਤੋ ਬਾਅਦ ਰੇਲਵੇ ਦੀ ਜਗਾਂ੍ਹ ਦੀ ਚੌੜਾਈ 85 ਫੁੱਟ ਰਹਿ ਗਈ ਹੈ। ਪਰ ਰੇਲਵੇ ਵਿਭਾਗ ਨੇ ਫਾਟਕ ਦੇ ਦੋਵੇਂ ਪਾਸੇ 100 ਫੁੱਟ ਦੇ ਫਾਸਲੇ 'ਤੇ ਦੀਵਾਰ ਕੱਢ ਦਿੱਤੀ। ਜਿਸ ਨਾਲ ਤੁਲਸੀ ਰਾਮ ਸਟਰੀਟ ਤੋਂ ਤੇਲੀਆਂ ਵਾਲੀ ਗਲੀ ਦਾ ਜੋ ਰਾਸਤਾ ਰਾਮ ਭਗਤੀ ਮਾਰਗ ਜਾਂਦਾ ਸੀ ਉਹ ਬੰਦ ਹੋ ਗਿਆ। ਇਸ ਕਰਕੇ ਰੇਲਵੇ ਵਿਭਾਗ ਇਸ ਦੀਵਾਰ ਨੂੰ ਢਾਹ ਕੇ ਆਪਣੀ ਅਸਲ ਜਗ੍ਹਾ 'ਤੇ ਕੰਧ ਕੱਢੇ ਅਤੇ ਰਾਸਤਾ ਚਾਲੂ ਕੀਤਾ ਜਾਵੇ। ਜਿਸ 'ਤੇ ਮੈਡਮ ਨੇ ਨਾਲ ਆਈ ਤਕਨੀਕੀ ਟੀਮ ਨੂੰ ਇਸਦੀ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ। ਇਸਤੋਂ ਇਲਾਵਾ ਯਾਤਰੀ ਪੈਸੰਜਰ ਪਲੇਟਫਾਰਮ ਵਿਚ ਵਾਧਾ ਕਰਨ ਦੀ ਮੰਗ ਵੀ ਕੀਤੀ। ਨਗਰ ਕੌਂਸਲ ਪ੍ਰਧਾਨ ਸ਼ੰਮੀ ਤੇਰੀਆ ਨੇ ਕਿਹਾ ਕਿ ਉਸਾਰੀ ਅਧੀਨ ਪੁਲ ਦਾ ਫਾਟਕ ਬੰਦ ਹੋਣ ਨਾਲ ਸ਼ਹਿਰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਜਿਸ ਨਾਲ ਵੱਡੀ ਗਿਣਤੀ ਦੁਕਾਨਦਾਰਾਂ ਦਾ ਕਾਰੋਬਾਰ ਖਤਮ ਹੋ ਗਿਆ ਹੈ ਅਤੇ ਲੋਕਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਇਸ ਲਈ ਘਾਹ ਮੰਡੀ ਚੌਂਕ ਤੋਂ ਜਲਾਲਾਬਾਦ ਰੋਡ ਨੂੰ ਫਾਟਕ ਤੋਂ ਰਾਸਤਾ ਦਿੱਤਾ ਜਾਵੇ। ਭਾਜਪਾ ਦੇ ਜ਼ਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਨੇ ਮੰਗ ਕੀਤੀ ਕਿ ਮਾਲ ਗੋਦਾਮ ਨੂੰ ਬਲਮਗੜ੍ਹ ਸਿਫ਼ਟ ਕੀਤਾ ਜਾਵੇ ਅਤੇ ਬੂੜਾ ਗੁੱਜਰ ਰੋਡ 'ਤੇ 6 ਸਕੂਲ ਹਨ। ਲੰਬਾ ਸਮਾਂ ਫਾਟਕ ਬੰਦ ਰਹਿਣ ਕਰਕੇ ਪੇ੍ਸ਼ਾਨੀ ਆਉਂਦੀ ਹੈ। ਇਸ 'ਤੇ ਰੇਲਵੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਥੇ ਸੜਕ ਬਹੁਤ ਤੰਗ ਹੈ। ਆਰਜੀ ਸੀਵਰੇਜ ਪੰਪ ਅਤੇ ਨਜਾਇਜ਼ ਕਬਜ਼ੇ ਸਭ ਤੋਂ ਵੱਡਾ ਅੜਿੱਕਾ ਹਨ। ਜਿੰਨਾਂ੍ਹ ਚਿਰ ਜ਼ਿਲਾ ਪ੍ਰਸ਼ਾਸ਼ਨ ਆਰਜੀ ਸੀਵਰੇਜ ਪੰਪ ਅਤੇ ਨਜਾਇਜ ਕਬਜ਼ੇ ਨਹੀਂ ਹਟਾਉਦਾ ਉਨਾਂ੍ਹ ਚਿਰ ਕੁਝ ਨਹੀਂ ਕੀਤਾ ਜਾ ਸਕਦਾ ਅਤੇ ਫਿਜੀਬਲਟੀ ਦੀ ਪਰਪੋਜ਼ਲ ਆਉਣ 'ਤੇ ਹੀ ਵਿਚਾਰ ਕੀਤਾ ਜਾਵੇਗਾ। ਤੇਜਿੰਦਰ ਬੱਬੂ ਬਾਂਸਲ ਨੇ ਕਿਹਾ ਕਿ ਐਫ਼ਸੀਆਈ ਨੂੰ ਦਿਨ ਵੇਲੇ ਪਲੇਸਮੈਂਟ ਅਤੇ ਸਾਨੂੰ ਰਾਤ ਨੂੰ ਪਲੇਸਮੈਂਟ ਦਿੱਤੀ ਜਾਂਦੀ ਹੈ। ਜਿਸ ਕਰਕੇ ਲੇਬਰ ਨੂੰ ਰਾਤ ਸਮੇਂ ਕੰਮ ਕਰਨ ਸਮੇਂ ਮੁਸ਼ਕਿਲ ਆਉਂਦੀ ਹੈ ਅਤੇ ਸਾਨੂੰ ਡੈਮਰੇਜ /ਵਾਰਫੇਜ ਦਾ ਜ਼ੁਰਮਾਨਾ ਵੱਡੀ ਪੱਧਰ 'ਤੇ ਪੈ ਜਾਂਦਾ ਹੈ। ਇਸ ਲਈ ਸਾਨੂੰ ਪਲੇਸਮੈਂਟ ਦਿਨ ਸਮੇਂ ਦਿੱਤੀ ਜਾਵੇ। ਇਸ 'ਤੇ ਕਾਰਵਾਈ ਕਰਦੇ ਹੋਏ ਡੀਆਰਐਮ ਨੇ ਆਪਣੇ ਨਾਲ ਆਈ ਤਕਨੀਕੀ ਟੀਮ ਨੂੰ ਆਦੇਸ ਜਾਰੀ ਕੀਤੇ ਕਿ ਇੰਨ੍ਹ ਮੰਗਾਂ ਦਾ ਨਿਰੀਖਣ ਕਰਕੇ ਰਿਪੋਰਟ ਭੇਜੀ ਜਾਵੇ। ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੌਰੇ ਦੇ ਦੌਰਾਨ ਡੀਆਰਐਮ ਨੇ ਸਖਤ ਆਦੇਸ਼ ਦਿੱਤੇ ਕਿ ਰੇਲਵੇ ਅਤੇ ਰੇਲਵੇ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਲੇ ਕੇ ਕਿਸੇ ਤਰਾਂ੍ਹ ਦੀ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਾਲ ਆਏ ਤਕਨੀਕੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਜਲਦ ਤੋਂ ਜਲਦ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਭੰਵਰ ਲਾਲ ਸ਼ਰਮਾ, ਰਵਿੰਦਰ ਕਟਾਰੀਆ, ਬੂਟਾ ਰਾਮ ਕਮਰਾ, ਰਾਜੇਸ਼ ਕਟਾਰੀਆ, ਬਰਜੇਸ਼ ਗੁਪਤਾ, ਅਸ਼ਵਨੀ ਗੁੰਬਰ ਆਦਿ ਹਾਜ਼ਰ ਸਨ।