ਜਗਸੀਰ ਛੱਤਿਆਣਾ, ਗਿੱਦੜਬਾਹਾ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਆਗੁੂ ਨਾਨਕ ਸਿੰਘ ਫਕਰਸਰ ਦੀ ਅਗਵਾਈ ਅੱਜ ਦੇਰ ਸ਼ਾਮ ਨੂੰ ਮਧੀਰ-ਮੁਕਤਸਰ ਰੋਡ 'ਤੇ ਮਧੀਰ 66 ਕੇਵੀ ਗਰਿੱਡ ਅੱਗੇ ਕਿਸਾਨਾਂ ਵੱਲੋਂ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਗਿਆ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਦੱਸਿਆ ਏਨ੍ਹੀ ਦਿਨੀ ਫ਼ਸਲਾਂ ਨੂੰ ਪਾਲਣ ਲਈ ਮੋਟਰਾਂ ਵਾਲੀ ਬਿਜਲੀ ਦੀ ਸਖ਼ਤ ਲੋੜ ਹੈ ਪਰ ਬਿਜਲੀ ਵਿਭਾਗ ਵੱਲੋਂ ਨਿਰਵਿਘਨ ਬਿਜਲੀ ਨਾ ਦੇਣ ਕਾਰਨ ਉਨਾਂ੍ਹ ਝੋਨੇ ਦੀ ਫ਼ਸਲ ਪਾਲਣ 'ਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਉਨਾਂ੍ਹ ਸਰਕਾਰ ਅਤੇ ਪਾਵਰਕਾਮ ਵਿਭਾਗ ਤੋਂ ਮੰਗ ਕੀਤੀ ਕਿ ਜਿਨਾਂ੍ਹ ਚਿਰ ਝੋਨੇ ਦੀ ਫ਼ਸਲ ਪੱਕਦੀ ਨਹੀਂ ਉਨਾਂ੍ਹ ਚਿਰ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ। ਇਸ ਮੌਕੇ ਆਗੁੂਆਂ ਨੇ ਚਿਤਾਵਨੀ ਦਿੱਤੀ ਕਿ ਜਦ ਤੱਕ ਉਨਾਂ੍ਹ ਦੀ ਮੰਗ ਨਹੀਂ ਮੰਨੀ ਜਾਂਦੀ ਧਰਨਾ ਜਾਰੀ ਰਹੇਗਾ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਇਸ ਮੌਕੇ ਵਰਿਆਮ ਸਿੰਘ ਸੇਖ, ਬਲਵਿੰਦਰ ਸਿੰਘ ਖਾਲਸਾ, ਸੁਖਮੰਦਰ ਸਿੰਘ, ਲਖਵੀਰ ਸਿੰਘ ਕੋਟਭਾਈ ਜ਼ਲਿ੍ਹਾ ਪ੍ਰਧਾਨ ਭਾਕਿਯੂ ਮਾਨਸਾ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।