ਜਗਸੀਰ ਛੱਤਿਆਣਾ, ਗਿੱਦੜਬਾਹਾ : ਬਿਜਲੀ ਦੇ ਨਾਕਸ ਪ੍ਰਬੰਧਾਂ ਨੂੰ ਲੈ ਕੇ ਪਿੰਡ ਪਿਓਰੀ ਦੇ ਕਿਸਾਨਾਂ ਨੇ 66 ਕੇਵੀ ਗਰਿੱਡ ਪਿਓਰੀ ਦੇ ਬਾਹਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਜਸਵੀਰ ਸਿੰਘ, ਨਛੱਤਰ ਸਿੰਘ ਪਿਓਰੀ ਨੇ ਦੱਸਿਆ ਕਿ ਪਿੰਡ ਪਿਓਰੀ ਵੱਲੋਂ ਮਤਾ ਪਾ ਕੇ ਗਰਿੱਡ ਲਈ 3 ਕਿਲੇ ਜ਼ਮੀਨ ਦਿੱਤੀ ਗਈ ਸੀ ਅਤੇ ਗਰਿੱਡ ਤੋਂ ਪਿੰਡ ਦੇ ਕਿਸਾਨਾਂ ਨੂੰ ਬਿਜਲੀ ਪਹਿਲ ਦੇ ਅਧਾਰ 'ਤੇ ਦਿੱਤੀ ਜਾਣੀ ਚਾਹੀਦੀ ਹੈ ਪਰ ਵਿਭਾਗ ਵੱਲੋਂ ਕਿਸਾਨਾਂ ਨੂੰ ਮੋਟਰਾਂ ਲਈ ਬਿਜਲੀ ਦਿਨ ਸਮੇਂ ਬਹੁਤ ਹੀ ਮੁਸ਼ਕਿਲ ਨਾਲ 3 ਘੰਟੇ ਦਿੱਤੀ ਜਾ ਰਹੀ ਹੈ, ਜਦਕਿ ਬਾਕੀ ਬਿਜਲੀ ਰਾਤ ਸਮੇਂ ਦਿੱਤੀ ਜਾਂਦੀ ਹੈ, ਜਿਸ ਦਾ ਸਮਾਂ ਵੀ ਨਿਸਚਿਤ ਨਹੀਂ ਹੈ, ਇਸ ਲਈ ਕਿਸਾਨ ਰਾਤ ਸਮੇਂ ਆਪਣੀਆਂ ਫਸਲਾਂ ਨੂੰ ਪਾਣੀ ਲਗਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ੳੁੱਚ ਅਧਿਕਾਰੀਆਂ ਨੂੰ ਅਪੀਲ ਕਰ ਚੁੱਕੇ ਹਨ ਕਿ ਪਿੰਡ ਦੇ ਕਿਸਾਨਾਂ ਨੂੰ ਦਿਨ ਸਮੇਂ ਬਿਜਲੀ ਸਪਲਾਈ ਦਿੱਤੀ ਜਾਵੇ ਪਰ ਉਨ੍ਹਾਂ ਵੱਲੋਂ ਵਾਰ-ਵਾਰ ਨਜਰਅੰਦਾਜ ਕੀਤੇ ਜਾਣ ਤੋਂ ਬਾਅਦ ਉਹ ਗਰਿੱਡ ਦੇ ਬਾਹਰ ਧਰਨਾ ਲਗਾਉਣ ਲਈ ਮਜ਼ਬੂਰ ਹੋਏ ਹਨ। ਉਨ੍ਹਾਂ ਦੱਸਿਆ ਕਿ ਗਰਿੱਡ ਤੋਂ ਜਿਨ੍ਹਾਂ ਹੋਰਨਾਂ ਪਿੰਡਾਂ ਨੂੰ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਉਨ੍ਹਾਂ ਨੂੰ ਦਿਨ ਸਮੇਂ ਪੂਰੀ ਬਿਜਲੀ ਦਿੱਤੀ ਜਾਂਦੀ ਹੈ ਸਿਰਫ਼ ਸਾਡੇ ਪਿੰਡ ਨਾਲ ਹੀ ਵਿਤਕਰਾਂ ਕੀਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਦਿਨ ਸਮੇਂ ਲਗਾਤਾਰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਨਹੀਂ ਤਾਂ ਉਹ ਧਰਨੇ ਨੂੰ ਪੱਕੇ ਤੌਰ 'ਤੇ ਲਗਾਉਣ ਲਈ ਮਜ਼ਬੂਰ ਹੋਣਗੇ। ਜਦ ਇਸ ਸਬੰਧੀ ਐਕਸੀਅਨ ਪਾਵਾਰਕਾਮ ਗਿੱਦੜਬਾਹਾ ਹਰੀਸ਼ ਗੋਠਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਕਿਸਾਨਾਂ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਹਰਪਾਲ ਸਿੰਘ, ਭੋਲਾ ਸਿੰਘ, ਜੱਗਾ ਸਿੰਘ, ਪਵਨਦੀਪ ਸਿੰਘ, ਲਵਦੀਪ ਸਿੰਘ, ਨੀਟਾ ਸਿੰਘ, ਟਿੱਕਾ ਸਿੰਘ, ਅੰਮਿ੍ਤਪਾਲ ਸ਼ਰਮਾਂ, ਬਿੱਕਬ ਸਿੰਘ, ਬਲਦੇਵ ਸਿੰਘ, ਗੁਰਤੇਜ ਸਿੰਘ, ਤੇਜਾ ਸਿੰਘ ,ਗੁਰਮੇਲ ਸਿੰਘ ਅਤੇ ਚੂਹੜ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।